ਇਜ਼ਰਾਈਲ ਤੇ ਇਰਾਨ ਦਰਮਿਆਨ ‘ਜੰਗਬੰਦੀ’ ਹੁਣ ਅਮਲ ਵਿਚ ਆਈ: ਟਰੰਪ
ਅਮਰੀਕੀ ਰਾਸ਼ਟਰਪਤੀ ਵੱਲੋਂ ਦੋਵਾਂ ਮੁਲਕਾਂ ਨੂੰ ਜੰਗਬੰਦੀ ਦੀ ਉਲੰਘਣਾ ਨਾ ਕਰਨ ਦੀ ਅਪੀਲ
ਵਾਸ਼ਿੰਗਟਨ/ਦੇਹਾ/ਦੁਬਈ, 24 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਇਰਾਨ ਦਰਮਿਆਨ ਜੰਗਬੰਦੀ ਹੁਣ ਅਮਲ ਵਿਚ ਆ ਗਈ ਹੈ। ਉਨ੍ਹਾਂ ਦੋਵਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਬੰਦੀ ਦੀ ਉਲੰਘਣਾ ਨਾ ਕਰਨ। ਟਰੰਪ ਨੇ ਸੋਸ਼ਲ ਟਰੁਥ ’ਤੇ ਇਕ ਪੋਸਟ ਵਿਚ ਕਿਹਾ, ‘‘Ceasefire ਹੁਣ ਲਾਗੂ ਹੈ। ਕਿਰਪਾ ਕਰਕੇ ਇਸ ਦੀ ਉਲੰਘਣਾ ਨਾ ਕਰੋ!।’’
ਅਮਰੀਕੀ ਸਦਰ ਨੇ ਦੋਵਾਂ ਮੁਲਕਾਂ ਦਰਮਿਆਨ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਖ਼ਤਮ ਕਰਨ ਲਈ ਸੋਮਵਾਰ ਰਾਤੀਂ ਮੁਕੰਮਲ ਜੰਗਬੰਦੀ ਦਾ ਸੱਦਾ ਦਿੰਦਿਆਂ ਇਜ਼ਰਾਈਲ ਤੇ ਇਰਾਨ ਨੂੰ ਅੱਧੀ ਰਾਤ (Eastern Time) ਤੱਕ ਦਾ ਸਮਾਂ ਦਿੱਤਾ ਸੀ। ਟਰੰਪ ਨੇ ਸੋਮਵਾਰ ਰਾਤੀਂ ਜਦੋਂ ਮੁਕੰਮਲ ਜੰਗਬੰਦੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਇਜ਼ਰਾਈਲ ਤੇ ਇਰਾਨ ਕੋਲ ਆਪਣੇ ਮਿਸ਼ਨਾਂ ਨੂੰ ਪੂਰਾ ਕਰਨ ਲਈ ਸਮਾਂ ਹੋਵੇਗਾ, ਜਿਸ ਮਗਰੋਂ ਪੜਾਅਵਾਰ ਤਰੀਕੇ ਨਾਲ ਜੰਗਬੰਦੀ ਦਾ ਅਮਲ ਸ਼ੁਰੂ ਹੋ ਜਾਵੇਗਾ।
ਉਧਰ ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੇ ਟਰੰਪ ਦੇ ਬਿਆਨ ਤੋਂ ਪਹਿਲਾਂ ਦੱਖਣੀ ਇਜ਼ਰਾਈਲ ਵਿੱਚ ਤਲ ਅਵੀਵ ਅਤੇ ਬੀਰਸ਼ੇਬਾ ਨੇੜੇ ਧਮਾਕੇ ਸੁਣੇ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਇਰਾਨ ਵੱਲੋਂ ਛੇ ਮਿਜ਼ਾਈਲਾਂ ਦਾਗੀਆਂ ਗਈਆਂ ਸਨ ਅਤੇ ਇਜ਼ਰਾਈਲ ਦੀ ਰਾਸ਼ਟਰੀ ਐਂਬੂਲੈਂਸ ਸੇਵਾ ਨੇ ਕਿਹਾ ਕਿ ਬੀਰਸ਼ੇਬਾ ਵਿੱਚ ਚਾਰ ਲੋਕ ਮਾਰੇ ਗਏ। ਟਰੰਪ ਵੱਲੋਂ ਜੰਗਬੰਦੀ ਦਾ ਐਲਾਨ ਕਰਨ ਤੋਂ ਬਾਅਦ ਇਜ਼ਰਾਈਲ ਵਿੱਚ ਇਹ ਪਹਿਲੀਆਂ ਮੌਤਾਂ ਰਿਪੋਰਟ ਹੋਈਆਂ ਹਨ।
ਇਰਾਨ ਦੀ ਨੀਮ-ਸਰਕਾਰੀ ਨਿਊਜ਼ ਏਜੰਸੀ ਐੱਸਐੱਨਐੱਨ ਨੇ ਮੰਗਲਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ ਜੰਗਬੰਦੀ ਲਾਗੂ ਹੋਣ ਤੋਂ ਪਹਿਲਾਂ ਤਹਿਰਾਨ ਨੇ ਮਿਜ਼ਾਈਲਾਂ ਦਾ ਆਖਰੀ ਦੌਰ ਦਾਗਿਆ। ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟਰੰਪ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਫੋਨ ਕਰਕੇ ਜੰਗਬੰਦੀ ਸਮਝੌਤੇ ਬਾਰੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਇਜ਼ਰਾਈਲ ਨੇ ਸਹਿਮਤ ਦਿੱਤੀ ਸੀ ਉਹ ਹਮਲਿਆਂ ਲਈ ਪਹਿਲ ਨਹੀਂ ਕਰੇਗਾ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਜ਼ਰਾਈਲ-ਇਰਾਨ ਜੰਗਬੰਦੀ ਲਈ ਤਹਿਰਾਨ ਨੂੰ ਦਿੱਤੀ ਡੈੱਡਲਾਈਨ ਦੀ ਮਿਆਦ ਪੁੱਗਣ ਮਗਰੋਂ ਵੀ ਇਰਾਨ ਨੇ ਮੰਗਲਵਾਰ ਤੜਕੇ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਈਲ ਵਿੱਚ ਘੱਟੋ-ਘੱਟ ਚਾਰ ਵਿਅਕਤੀ ਮਾਰੇ ਗਏ। ਤਹਿਰਾਨ ਨੇ ਜਿੱਥੇ ਦਾਅਵਾ ਕੀਤਾ ਕਿ ਅਜਿਹਾ ਕੋਈ (ਜੰਗਬੰਦੀ) ਸਮਝੌਤਾ ਨਹੀਂ ਹੋਇਆ, ਉਥੇ ਇਜ਼ਰਾਈਲ ਨੇ ਵੀ ਟਰੰਪ ਦੇ ਜੰਗਬੰਦੀ ਬਾਰੇ ਐਲਾਨ ਨੂੰ ਸਵੀਕਾਰ ਕਰਨ ਤੋਂ ਨਾਂਹ ਕੀਤੀ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਦੇਰ ਰਾਤ ਦਾਅਵਾ ਕੀਤਾ ਸੀ ਇਰਾਨ ਵੱਲੋਂ ਸੋਮਵਾਰ ਨੂੰ ਕਤਰ ਤੇ ਇਰਾਕ ਵਿੱਚ ਅਮਰੀਕੀ ਫੌਜੀ ਅੱਡਿਆਂ ’ਤੇ ਕੀਤੇ ਮਿਜ਼ਾਈਲ ਹਮਲੇ ਤੋਂ ਫੌਰੀ ਮਗਰੋਂ ਇਜ਼ਰਾਈਲ ਤੇ ਇਰਾਨ ‘ਮੁਕੰਮਲ ਜੰਗਬੰਦੀ’ ਲਈ ਸਹਿਮਤ ਹੋ ਗਏ ਸਨ। ਇਰਾਨ ਨੇ ਅਮਰੀਕਾ ਵੱਲੋਂ ਲੰਘੇ ਦਿਨੀਂ ਉਸ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਕੀੇਤੇ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਕਤਰ ਤੇ ਇਰਾਕ ਵਿਚ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਹੁਣ ਤੱਕ, ਕਿਸੇ ਵੀ ਜੰਗਬੰਦੀ ਜਾਂ ਫੌਜੀ ਕਾਰਵਾਈਆਂ ਨੂੰ ਬੰਦ ਕਰਨ ਬਾਰੇ ਕੋਈ ਸਮਝੌਤਾ ਨਹੀਂ ਹੋਇਆ ਹੈ।’’ ਅਰਾਗਚੀ ਨੇ ਕਿਹਾ, ‘‘ਜੇਕਰ ਇਜ਼ਰਾਇਲੀ ਨਿਜ਼ਾਮ ਇਰਾਨ ਦੇ ਲੋਕਾਂ ਵਿਰੁੱਧ ਆਪਣਾ ਗੈਰਕਾਨੂੰਨੀ ਹਮਲਾ ਤਹਿਰਾਨ ਦੇ ਸਮੇਂ ਅਨੁਸਾਰ ਸਵੇਰੇ 4 ਵਜੇ ਤੋਂ ਪਹਿਲਾਂ ਬੰਦ ਕਰ ਦਿੰਦਾ ਹੈ, ਤਾਂ ਸਾਡਾ ਬਾਅਦ ਵਿੱਚ ਜਵਾਬੀ ਕਾਰਵਾਈ ਜਾਰੀ ਰੱਖਣ ਦਾ ਕੋਈ ਇਰਾਦਾ ਨਹੀਂ ਹੈ।’’ ਅਰਾਗਚੀ ਦਾ ਇਹ ਸੁਨੇਹਾ ਤਹਿਰਾਨ ਦੇ ਸਮੇਂ ਮੁਤਾਬਕ ਸਵੇਰੇ 4:16 ਵਜੇ ਪੋਸਟ ਕੀਤਾ ਗਿਆ ਸੀ। ਅਰਾਗਚੀ ਨੇ ਅੱਗੇ ਕਿਹਾ, ‘‘ਫੌਜੀ ਕਾਰਵਾਈ ਬੰਦ ਕਰਨ ਦਾ ਅੰਤਿਮ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।’’ ਇਸ ਦੌਰਾਨ ਇਜ਼ਰਾਈਲ ਨੇ ਫੌਰੀ ਕਿਸੇ ਵੀ ਜੰਗਬੰਦੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਮੰਗਲਵਾਰ ਸਵੇਰੇ ਤਹਿਰਾਨ ਅਤੇ ਹੋਰ ਸ਼ਹਿਰਾਂ ਵਿੱਚ ਇਜ਼ਰਾਇਲੀ ਹਮਲੇ ਜਾਰੀ ਰਹੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੋ ਮੱਧ ਪੂਰਬੀ ਮੁਲਕਾਂ ਦੇ ‘ਮੁਕੰਮਲ ਜੰਗਬੰਦੀ’ ਲਈ ਸਹਿਮਤ ਹੋਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਇਜ਼ਰਾਈਲ ਨੇ ਮੰਗਲਵਾਰ ਸਵੇਰੇ ਇਰਾਨੀ ਹਮਲਿਆਂ ਦੀ ਚੇਤਾਵਨੀ ਦਿੱਤੀ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਸਵੇਰੇ ਤੜਕੇ ਹੋਏ ਹਮਲਿਆਂ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ਅੱਠ ਜ਼ਖਮੀ ਹੋ ਗਏ। ਹਮਲਿਆਂ ਨਾਲ ਇਜ਼ਰਾਈਲ ਦੇ ਦੱਖਣ ਵਿੱਚ ਰਿਹਾਇਸ਼ੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ। ਇਰਾਨ ਵੱਲੋਂ ਮੰਗਲਵਾਰ ਸਵੇਰੇ ਦੋ ਘੰਟਿਆਂ ਲਈ ਕੀਤੇ ਲੜੀਵਾਰ ਮਿਜ਼ਾਈਲ ਹਮਲਿਆਂ ਕਰਕੇ ਇਜ਼ਰਾਇਲੀਆਂ ਨੂੰ ਬੰਬ ਸ਼ੈਲਟਰਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਇਜ਼ਰਾਇਲੀ ਫੌਜ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਇਰਾਨ ਵੱਲੋੋਂ ਕੀਤੇ ਹਵਾਈ ਹਮਲਿਆਂ ਮਗਰੋਂ ਤਜਵੀਜ਼ਤ ਜੰਗਬੰਦੀ ਦੀ ਹੋਣ ਕੋਈ ਤੁੱਕ ਨਹੀਂ ਰਹੀ। -ਏਪੀ