ਟਰੰਪ ਦੀ $100,000 H-1B ਵੀਜ਼ਾ ਫੀਸ ਸਿਰਫ਼ ਨਵੇਂ ਬਿਨੈਕਾਰਾਂ ਲਈ, ਮੌਜੂਦਾ ਵੀਜ਼ਾ ਧਾਰਕਾਂ 'ਤੇ ਕੋਈ ਅਸਰ ਨਹੀਂ ਪਵੇਗਾ
ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐੱਚ1ਬੀ ਵੀਜ਼ਾ ਫੀਸ ਵਧਾ ਕੇ ਇੱਕ ਲੱਖ ਡਾਲਰ ਕੀਤੇ ਜਾਣ ਮਗਰੋਂ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵਾਂ ਨਿਯਮ ਉਨ੍ਹਾਂ ਲੋਕਾਂ ’ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਐੱਚ1ਬੀ ਵੀਜ਼ਾ ਹੈ ਜਾਂ ਜੋ ਇਸ ਨੂੰ ਨਵਿਆਉਣ ਦੀ ਮੰਗ ਕਰ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ Karoline Leavitt ਨੇ ਸ਼ਨਿੱਚਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਨਵੇਂ ਨਿਯਮ ਬਾਰੇ ਇੱਕ ਸਪਸ਼ਟੀਕਰਨ ਪੋਸਟ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ‘ਇਹ ਸਿਰਫ਼ ਨਵੇਂ ਵੀਜ਼ਾ ’ਤੇ ਲਾਗੂ ਹੁੰਦਾ ਹੈ, ਨਵਿਆਉਣ ’ਤੇ ਨਹੀਂ, ਅਤੇ ਮੌਜੂਦਾ ਵੀਜ਼ਾ ਧਾਰਕਾਂ ’ਤੇ ਨਹੀਂ।’’
ਕਾਬਿਲੇਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਇਸ ਸਬੰਧੀ ਹੁਕਮ ’ਤੇ ਦਸਤਖ਼ਤ ਕਰਦਿਆਂ ਕਿਹਾ ਸੀ ਕਿ ਐੱਚ1ਬੀ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੌਮੀ ਸੁਰੱਖਿਆ ਲਈ ਖ਼ਤਰਾ ਹੈ। ਇਸ ਫ਼ੈਸਲੇ ਤਹਿਤ 21 ਸਤੰਬਰ ਤੋਂ ਉਨ੍ਹਾਂ ਕਾਮਿਆਂ ਦੇ ਅਮਰੀਕਾ ਵਿਚ ਦਾਖਲੇ ’ਤੇ ਰੋਕ ਲਾਈ ਜਾਵੇਗੀ ਜਿਨ੍ਹਾਂ ਦੀ ਐੱਚ1ਬੀ ਵੀਜ਼ਾ ਅਰਜ਼ੀ ਨਾਲ ਇੱਕ ਲੱਖ ਅਮਰੀਕੀ ਡਾਲਰ ਦਾ ਭੁਗਤਾਨ ਨਹੀਂ ਕੀਤਾ ਗਿਆ ਹੋਵੇਗਾ।
To be clear:
1.) This is NOT an annual fee. It’s a one-time fee that applies only to the petition.
2.) Those who already hold H-1B visas and are currently outside of the country right now will NOT be charged $100,000 to re-enter.
H-1B visa holders can leave and re-enter the…
— Karoline Leavitt (@PressSec) September 20, 2025
H-1B ਵੀਜ਼ਾ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਜਿਹੇ ਵੀਜ਼ਾ ਲਈ ਅਰਜ਼ੀ ਦੇਣ ਲਈ ਫੀਸ ਵਧਾ ਕੇ $1,00,000 (ਕਰੀਬ 86 ਲੱਖ ਰੁਪਏ) ਕਰ ਦਿੱਤੀ। ਵ੍ਹਾਈਟ ਹਾਊਸ ਨੇ ਇੱਕ ਤੱਥ ਪੱਤਰ ਪੋਸਟ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ‘ਅਮਰੀਕੀ ਕਾਮਿਆਂ ਨੂੰ ਉਜਾੜਨ ਅਤੇ ਕੌਮੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਦੁਰਵਿਵਹਾਰਾਂ ਨੂੰ ਰੋਕਣ ਲਈ ਹੈ।’ ਲੀਵਿਟ ਨੇ ਆਪਣੀ ਪੋਸਟ ਵਿੱਚ ਬਰੀਕ ਨੁਕਤਿਆਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਇਹ $1,00,000 ਸਾਲਾਨਾ ਫੀਸ ਨਹੀਂ ਸੀ। ਇਹ ਇੱਕ ਵਾਰ ਦੀ ਫੀਸ ਹੈ ਜੋ ਭਵਿੱਖ ਦੇ ਬਿਨੈਕਾਰਾਂ ਲਈ ਲਾਗੂ ਹੋਵੇਗੀ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਕਿਹਾ, ‘‘ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ H-1B ਵੀਜ਼ਾ ਹੈ ਅਤੇ ਇਸ ਸਮੇਂ ਦੇਸ਼ ਤੋਂ ਬਾਹਰ ਹਨ, ਉਨ੍ਹਾਂ ਤੋਂ ਮੁੜ ਦਾਖਲੇ ਲਈ $100,000 ਨਹੀਂ ਲਏ ਜਾਣਗੇ। H-1B ਵੀਜ਼ਾ ਧਾਰਕ ਦੇਸ਼ ਤੋਂ ਬਾਹਰ ਜਾ ਸਕਦੇ ਹਨ ਤੇ ਉਸੇ ਹੱਦ ਤੋਂ ਮੁੜ ਦਾਖਲ ਹੋ ਸਕਦੇ ਹਨ ਜਿਵੇਂ ਕਿ ਉਹ ਆਮ ਤੌਰ ’ਤੇ ਕਰਦੇ ਹਨ।’’ ਲੀਵਿਟ ਨੇ ਕਿਹਾ, ‘‘ਉਨ੍ਹਾਂ ਕੋਲ ਜੋ ਵੀ ਯੋਗਤਾ ਹੈ, ਉਹ ਕੱਲ੍ਹ ਦੇ ਐਲਾਨ ਤੋਂ ਪ੍ਰਭਾਵਿਤ ਨਹੀਂ ਹੁੰਦੀ।’’