Canada ਟਰੰਪ ਕੈੈਨੇਡਾ ਨੂੰ ਤੋੜਨਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ: ਕਾਰਨੀ ਤੇ ਪੀਅਰੇ
ਟੋਰਾਂਟੋ, 24 ਮਾਰਚ
Canada News: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney) ਅਤੇ ਕੰਜ਼ਰਵੇਟਿਵ ਪਾਰਟੀ ਤੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ (Pierre Poilievre) ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਕਾਰਨੀ ਤੇ ਪੋਲੀਵਰ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਵਪਾਰਕ ਜੰਗ ਤੇ ਰਲੇਵੇਂ ਦੀ ਪੇਸ਼ਕਸ਼ ਨਾਲ ਕੈਨੇਡਾ ਦੀ ਪ੍ਰਭੁਸੱਤਾ ਨੂੰ ਖ਼ਤਰੇ ਜਿਹੀਆਂ ਚੁਣੌਤੀਆਂ ਦਰਪੇਸ਼ ਹਨ। ਕਾਰਨੀ ਨੇ ਐਲਾਨ ਕੀਤਾ ਕਿ 28 ਅਪਰੈਲ ਨੂੰ ਵੋਟਿੰਗ ਤੋਂ ਪਹਿਲਾਂ ਪੰਜ ਹਫ਼ਤਿਆਂ ਲਈ ਚੋਣ ਪ੍ਰਚਾਰ ਦੀ ਮੁਹਿੰਗ ਚੱਲੇਗੀ।
ਕਾਰਨੀ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਦੀ ਗੈਰਵਾਜਬ ਵਪਾਰਕ ਪੇਸ਼ਕਦਮੀ ਤੇ ਸਾਡੀ ਪ੍ਰਭੂਸੱਤਾ ਖਿਲਾਫ਼ ਉਨ੍ਹਾਂ ਦੀਆਂ ਧਮਕੀਆਂ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਦਾ ਦਾਅਵਾ ਹੈ ਕਿ ਕੈਨੇਡਾ ਅਸਲ ਵਿਚ ਕੋਈ ਦੇਸ਼ ਨਹੀਂ ਹੈ। ਉਹ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਕਿ ਅਮਰੀਕਾ ਸਾਡਾ ਮਾਲਕ ਬਣ ਸਕੇ। ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’’ ਕਾਰਨੀ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਟੈਕਸਾਂ ਕਰਕੇ ਕੈਨੇਡਿਆਈ ਅਰਥਚਾਰੇ ਨੂੰ ਦਰਪੇਸ਼ ਖ਼ਤਰੇ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਮਜ਼ਬੂਤ ਫਤਵੇ ਦੀ ਲੋੜ ਹੈ।
ਚੇਤੇ ਰਹੇ ਕਿ ਲਿਬਰਲ ਪਾਰਟੀ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਸੀ ਕਿ ਕਾਰਨੀ ਪਹਿਲੀ ਵਾਰ ਸੰਸਦ ਮੈਂਬਰ ਬਣਨ ਲਈ ਓਟਵਾ ਦੇ ਉਪ ਨਗਰੀ ਖੇਤਰ ਨੇਪੀਅਨ ਤੋਂ ਚੋਣ ਲੜਨਗੇ। ‘ਹਾਊਸ ਆਫ਼ ਕਾਮਨਜ਼’ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤੱਕ ਚੱਲੇਗਾ। ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਕਾਰਨੀ (59) ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਈ। ਟਰੂਡੋ ਨੇ ਜਨਵਰੀ ਵਿਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ।
ਇਸ ਸਾਲ ਸੰਭਾਵੀ ਚੋਣਾਂ ਵਿਚ ਪਹਿਲਾਂ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਫਿਰ ਟਰੰਪ ਨੇ ਟੈਕਸਾਂ ਦੇ ਰੂਪ ਵਿਚ ‘ਆਰਥਿਕ ਜੰਗ’ ਦਾ ਐਲਾਨ ਕਰ ਦਿੱਤਾ ਤੇ ਕੈਨੇਡਾ ਦੇ 51ਵੇਂ ਰਾਜ ਵਜੋਂ ਅਮਰੀਕਾ ਵਿਚ ਰਲੇਵੇਂ ਦੀ ਚੇਤਾਵਨੀ ਦਿੱਤੀ। ਹੁਣ ਇਨ੍ਹਾਂ ਬਦਲੇ ਸਮੀਕਰਣਾਂ ਕਰਕੇ ਲਿਬਰਲ ਪਾਰਟੀ ਦਾ ਚੋਣਾਂ ਵਿਚ ਹੱਥ ਉੱਤੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਟਰੰਪ ਨੇ ਕੈਨੇਡਾ ਦੇ ਸਟੀਲ ਤੇ ਐਲੂਮੀਨੀਅਮ ’ਤੇ 25 ਫੀਸਦ ਟੈਕਸ ਲਾਇਆ ਹੈ ਤੇ 2 ਅਪਰੈਲ ਤੋਂ ਸਾਰੇ ਕੈਨੇਡਿਆਈ ਉਤਪਾਦਾਂ ’ਤੇ ਵੱਡੇ ਟੈਕਸ ਲਾਉਣ ਦਾ ਐਲਾਨ ਕੀਤਾ ਹੈ।
ਉਧਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਲੀਵਰ, ਜੋ ਮੱਧਕਾਲੀ ਚੋਣਾਂ ਵਿਚ ਕਾਰਨੀ ਨੂੰ ਟੱਕਰ ਦੇਣਗੇ, ਨੇ ਕਿਹਾ ਕਿ ਉਹ ਟਰੰਪ ਦੇ ਸਾਹਮਣੇ ਖੜੇ ਹੋਣਗੇ। ਪੋਲੀਵਰ ਨੇ ਕਿਹਾ, ‘‘ਮੈਂ ਇਸ ਗੱਲ ’ਤੇ ਜ਼ੋਰ ਦੇਵਾਂਗਾ ਕਿ ਰਾਸ਼ਟਰਪਤੀ ਟਰੰਪ ਕੈਨੇਡਾ ਦੀ ਆਜ਼ਾਦੀ ਤੇ ਪ੍ਰਭੂਸੱਤਾ ਨੂੰ ਮਾਨਤਾ ਦੇਣ। ਮੈਂ ਇਸ ਗੱਲ ’ਤੇ ਜ਼ੋਰ ਦੇਵਾਂਗਾ ਕਿ ਉਹ ਸਾਡੇ ’ਤੇ ਟੈਕਸ ਲਾਉਣਾ ਬੰਦ ਕਰੇ’’ ਉਨ੍ਹਾਂ ਕਿਹਾ, ‘‘ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਫ਼ਿਕਰਮੰਦ, ਗੁੱਸੇ ਵਿਚ ਤੇ ਬੇਚੈਨ ਹਨ।’’ -ਏਪੀ