ਟਰੰਪ ਵੱਲੋਂ ਰੂਸ ਨੂੰ ਧਮਕੀ, ਜਲਦੀ ਜੰਗ ਖ਼ਤਮ ਨਾ ਕੀਤੀ ਤਾਂ ਯੂਕਰੇਨ ਨੂੰ Tomahawk Missile ਦੇਵਾਂਗੇ
Trump's threat to Russia: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਨਾਲ ਲੰਮੇ ਸਮੇਂ ਤੋਂ ਜਾਰੀ ਜੰਗ ਨੂੰ ਖ਼ਤਮ ਨਹੀਂ ਕਰਦਾ ਤਾਂ ਅਮਰੀਕਾ ਯੂਕਰੇਨ ਨੂੰ ਲੰਮੀ ਦੂਰੀ ਦੀ ਟੌਮਹਾਕ ਮਿਜ਼ਾਈਲ (Tomahawk Missile) ਦੇ ਸਕਦਾ ਹੈ।
ਟਰੰਪ ਨੇ ਇਜ਼ਰਾਈਲ ਜਾਂਦਿਆਂ ਏਅਰ ਫੋਰਸ ਵਨ ਜਹਾਜ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਜੇਕਰ ਇਹ ਜੰਗ ਖ਼ਤਮ ਨਹੀਂ ਹੁੰਦੀ ਹੈ ਤਾਂ ਮੈਂ ਉਨ੍ਹਾਂ (ਯੂਕਰੇਨ) ਨੂੰ ਟੌਮਹਾਕ ਭੇਜਾਂਗਾ। ਟੌਮਹਾਕ ਬਿਹਤਰੀਨ ਤੇ ਬੇਹੱਦ ਹਮਲਾਵਰ ਹਥਿਆਰ ਹੈ....।’’
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਜੰਗ ਸਮਾਪਤ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।’’ ਟਰੰਪ ਨੇ ਹਾਲਾਂਕਿ ਕਿਹਾ ਕਿ ‘ਹੋ ਸਕਦਾ ਹੈ ਕਿ ਅਸੀਂ ਅਜਿਹਾ ਨਾ ਕਰੀਏ ਤੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਅਜਿਹਾ ਕਰੀਏ। ਮੈਨੂੰ ਲੱਗਦਾ ਹੈ ਕਿ ਇਹ ਗੱਲ ਰੱਖਣੀ ਚਾਹੀਦੀ ਹੈ।’’
ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ਉੱਤੇ ਗੱਲਬਾਤ ਤੋਂ ਬਾਅਦ ਆਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਗੱਲਬਾਤ ਵਿਚ ਟੌਮਹਾਕ ਮਿਜ਼ਾਈਲ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਰੂਸ ਨੇ ਯੂਕਰੇਨ ਦੇ ਬਿਜਲੀ ਪਲਾਂਟਾਂ ’ਤੇ ਰਾਤੋ ਰਾਤ ਹਮਲਾ ਕੀਤਾ ਹੈ। ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟੌਮਹਾਕ ਮਿਜ਼ਾਈਲਾਂ ਦਿੱਤੇ ਜਾਣ ਦੀ ਸੰਭਾਵਨਾ ਉੱਤੇ ਫਿਕਰ ਜਤਾਇਆ ਹੈ।