ਟਰੰਪ, ਤਾਕਾਈਚੀ ਵੱਲੋਂ ਵਪਾਰ ਅਤੇ ਖਣਿਜ ਸਮਝੌਤਿਆਂ ’ਤੇ ਦਸਤਖ਼ਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਈਚੀ ਨੇ ਮੰਗਲਵਾਰ ਨੂੰ ਆਪਣੀ ਦੁਵੱਲੀ ਮੀਟਿੰਗ ਤੋਂ ਬਾਅਦ ਦੋ ਵੱਡੇ ਸਮਝੌਤਿਆਂ 'ਤੇ ਹਸਤਾਖਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਵਪਾਰ ਅਤੇ ਦੂਜਾ ਖਣਿਜਾਂ ’ਤੇ ਕੇਂਦਰਿਤ ਸੀ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਸਮਝੌਤਾ ਅਮਰੀਕਾ-ਜਾਪਾਨ ਗਠਜੋੜ ਵਿੱਚ "ਇੱਕ ਨਵੇਂ ਸੁਨਹਿਰੀ ਯੁੱਗ" ਸ਼ੁਰੂਆਤ ਕਰੇਗਾ। ਇਸ ਪ੍ਰਬੰਧ ਤਹਿਤ, ਜਾਪਾਨੀ ਨਿਵੇਸ਼ ਵਿੱਚ 550 ਬਿਲੀਅਨ ਅਮਰੀਕੀ ਡਾਲਰ ਦੇ ਬਦਲੇ ਜਾਪਾਨੀ ਬਰਾਮਦ ’ਤੇ 15 ਪ੍ਰਤੀਸ਼ਤ ਟੈਕਸ ਲਾਗੂ ਹੋਵੇਗਾ।
ਦੂਜੇ ਸਮਝੌਤੇ ਤਹਿਤ ਮਾਈਨਿੰਗ ਅਤੇ ਪ੍ਰੋਸੈਸਿੰਗ ਵਿੱਚ ਮਜ਼ਬੂਤ ਸਹਿਯੋਗ ਰਾਹੀਂ ਨਾਜ਼ੁਕ ਅਤੇ ਦੁਰਲੱਭ-ਧਰਤੀ ਖਣਿਜਾਂ (rare-earth minerals) ਦੀ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਇੱਕ ਢਾਂਚਾ ਸਥਾਪਿਤ ਕੀਤਾ।
ਕਿਹਾ ਗਿਆ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਇਲੈਕਟ੍ਰੋਨਿਕਸ ਅਤੇ ਉੱਨਤ ਤਕਨਾਲੋਜੀਆਂ ਦੇ ਉਤਪਾਦਨ ਲਈ ਮਹੱਤਵਪੂਰਨ ਸਮੱਗਰੀਆਂ ਲਈ ਸਪਲਾਈ ਚੇਨ ਲਚਕਤਾ ਨੂੰ ਹੁਲਾਰਾ ਦੇਣਾ ਹੈ।
ਟਰੰਪ ਦੀ ਪ੍ਰਧਾਨ ਮੰਤਰੀ ਤਾਕਾਈਚੀ ਨਾਲ ਟੋਕੀਓ ਦੇ ਅਕਾਸਾਕਾ ਪੈਲੇਸ ਵਿੱਚ ਸੋਮਵਾਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਇਨ੍ਹਾਂ ਸਮਝੌਤਿਆਂ ਤੇ ਦਸਤਖਤ ਕੀਤੇ ਗਏ।
ਆਪਣੀ ਮੁਲਾਕਾਤ ਦੌਰਾਨ, ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਜਾਪਾਨੀ ਰਾਜ ਮੀਡੀਆ ਅਨੁਸਾਰ ਤਾਕਾਈਚੀ ਨੇ ਦੁਵੱਲੇ ਸਬੰਧਾਂ ਨੂੰ ਦੁਨੀਆ ਦਾ ਸਭ ਤੋਂ ਮਹਾਨ ਗਠਜੋੜ ਕਹਿੰਦਿਆਂ, ਟਰੰਪ ਨਾਲ ਮਿਲ ਕੇ ਜਾਪਾਨ-ਅਮਰੀਕਾ ਗਠਜੋੜ ਦੇ "ਨਵੇਂ ਸੁਨਹਿਰੀ ਯੁੱਗ" ਦਾ ਨਿਰਮਾਣ ਕਰਨ ਦਾ ਵਾਅਦਾ ਕੀਤਾ। -ਏਐੱਨਆਈ
