ਟਰੰਪ ਨੂੰ ਝਟਕਾ... ਜ਼ੋਹਰਾਨ ਮਮਦਾਨੀ ਨੇ ਨਿਊ ਯਾਰਕ ਦੇ ਮੇਅਰ ਦੀ ਚੋਣ ਜਿੱਤੀ
ਡੈਮੋਕਰੈਟਿਕ ਪਾਰਟੀ ਦੇ ਆਗੂ ਜ਼ੋਹਰਾਨ ਮਮਦਾਨੀ (34) ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ। ਉਨ੍ਹਾਂ ਸਾਬਕਾ ਗਵਰਨਰ ਐਂਡਰਿਊ ਕਿਊਮੋ (67) ਨੂੰ ਹਰਾਇਆ। ਪ੍ਰਾਇਮਰੀ ਚੋਣ ਵਿਚ ਮਮਦਾਨੀ ਹੱਥੋਂ ਨਾਮਜ਼ਦਗੀ ਗੁਆਉਣ ਤੋਂ ਬਾਅਦ ਕਿਊਮੋ ਨੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਅਧਿਕਾਰਤ ਤੌਰ ’ਤੇ ਕਿਊਮੋ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਟਰੰਪ ਨੇ ਲੰਘੇ ਦਿਨੀਂ ਇਥੋਂ ਤੱਕ ਕਿਹਾ ਸੀ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊ ਯਾਰਕ ਲਈ ‘ਮੁਕੰਮਲ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗਾ’ ਤੇ ਸ਼ਹਿਰ ਦੀ ‘ਹੋਂਦ’ ਲਈ ਖ਼ਤਰਾ ਖੜ੍ਹਾ ਹੋ ਜਾਵੇਗਾ। ਇਹੀ ਨਹੀਂ ਟਰੰਪ ਨੇ ਚੋਣ ਦੀ ਪੂਰਬਲੀ ਸੰਧਿਆ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਮਮਦਾਨੀ ਚੋਣ ਜਿੱਤਦਾ ਹੈ ਤੇ ਮੇਅਰ ਬਣਦਾ ਹੈ ਤਾਂ ਉਹ ਨਿਊ ਯਾਰਕ ਸ਼ਹਿਰ ਲਈ ਸਿਰਫ਼ ਘੱਟੋ ਘੱਟ ਲੋੜੀਂਦੇ ਫੰਡ ਹੀ ਭੇਜਣਗੇ।
ਉਧਰ ਵਰਜੀਨੀਆ ਵਿਚ ਡੈਮੋਕਰੈਟ ਅਬੀਗੈਲ ਸਪੈਨਬਰਗਰ (Abigail Spanberger) ਨੇ ਗਵਰਨਰ ਦੀ ਚੋਣ ਆਸਾਨੀ ਨਾਲ ਜਿੱਤ ਲਈ। ਉਹ ਵਰਜੀਨੀਲਾ ਦੇ ਪਹਿਲੇ ਮਹਿਲਾ ਗਵਰਨਰ ਹੋਣਗੇ। ਨਿਊ ਜਰਸੀ ਵਿੱਚ ਡੈਮੋਕਰੈਟ ਮਿਕੀ ਸ਼ੈਰਿਲ ਨੇ ਗਵਰਨਰ ਦੀ ਚੋਣ ਜਿੱਤੀ। ਸਪੈਨਬਰਗਰ ਨੇ ਰਿਪਬਲਿਕਨ ਉਪ ਰਾਜਪਾਲ ਵਿਨਸਮ ਅਰਲੀ-ਸੀਅਰਜ਼ ਨੂੰ ਹਰਾਇਆ। ਸਪੈਨਬਰਗ ਰਿਪਬਲਿਕਨ ਗਵਰਨਰ ਗਲੈੱਨ ਯੰਗਕਿਨ ਦੀ ਥਾਂ ਲੈਣਗੇ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਬਣੀ
ਚੋਣ ਬੋਰਡ ਅਨੁਸਾਰ ਨਿਊਯਾਰਕ ਸਿਟੀ ਵਿੱਚ, ਸ਼ੁਰੂਆਤੀ ਵੋਟਿੰਗ ਸਮੇਤ 20 ਲੱਖ ਤੋਂ ਵੱਧ ਵੋਟਾਂ ਪਈਆਂ, ਜੋ ਕਿ 1969 ਤੋਂ ਬਾਅਦ ਕਿਸੇ ਮੇਅਰ ਦੀ ਚੋਣ ਵਿੱਚ ਸਭ ਤੋਂ ਵੱਧ ਹਨ। ਵਰਜੀਨੀਆ ਅਤੇ ਨਿਊ ਜਰਸੀ ਵਿੱਚ ਸ਼ੁਰੂਆਤੀ ਵੋਟਾਂ ਦੀ ਗਿਣਤੀ ਨੇ ਵੀ 2021 ਵਿੱਚ ਪਿਛਲੀਆਂ ਚੋਣਾਂ ਨੂੰ ਪਛਾੜ ਦਿੱਤਾ।
ਨਿਊਯਾਰਕ ਵਿੱਚ ਚੋਣ ਪ੍ਰਚਾਰ ਦੌਰਾਨ ਮਮਦਾਨੀ ਨੇ ਖੱਬੇ-ਪੱਖੀ ਨੀਤੀਆਂ ਦੀ ਤਜਵੀਜ਼ ਰੱਖੀ ਸੀ, ਜਿਸ ਵਿੱਚ ਲਗਪਗ ਇੱਕ ਮਿਲੀਅਨ ਅਪਾਰਟਮੈਂਟਾਂ ਦੇ ਕਿਰਾਏ ਫ੍ਰੀਜ਼ ਕਰਨਾ ਅਤੇ ਸ਼ਹਿਰ ਦੀਆਂ ਬੱਸਾਂ ਨੂੰ ਮੁਫਤ ਕਰਨਾ ਸ਼ਾਮਲ ਹੈ।
