Trump speaks to Putin ਟਰੰਪ ਵੱਲੋਂ ਪੂਤਿਨ ਨਾਲ ਗੱਲਬਾਤ
ਪੂਤਿਨ ਵੱਲੋਂ ਅਮਰੀਕੀ ਹਮਰੁਤਬਾ ਨੂੰ ਮਾਸਕੋ ਆਉਣ ਦਾ ਸੱਦਾ; ਦੋਵਾਂ ਆਗੂਆਂ ਨੇ ਮੱਧ ਪੂਰਬ, ਦੁਵੱਲੇ ਰਿਸ਼ਤਿਆਂ, ਯੂਕਰੇਨ ਤੇ ਕੈਦੀਆਂ ਦੇ ਤਬਾਦਲੇ ਬਾਰੇ ਕੀਤੀ ਚਰਚਾ
ਮਾਸਕੋ, 12 ਫਰਵਰੀ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਅਮਰੀਕੀ ਸਦਰ ਡੋਨਲਡ ਟਰੰਪ ਨੇ ਅੱਜ ਡੇਢ ਘੰਟੇ ਦੇ ਕਰੀਬ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਇਕ ਦੂਜੇ ਨੂੰ ਮਿਲਣ ਦੀ ਸਹਿਮਤੀ ਦਿੱਤੀ ਹੈ।
ਫਰਵਰੀ 2022 ਮਗਰੋਂ ਪੂਤਿਨ ਦੀ ਅਮਰੀਕੀ ਰਾਸ਼ਟਰਪਤੀ ਨਾਲ ਇਹ ਪਹਿਲੀ ਸਿੱਧੀ ਗੱਲਬਾਤ ਹੈ। ਇਸ ਤੋਂ ਪਹਿਲਾਂ ਪੂਤਿਨ ਨੇ ਫਰਵਰੀ 2002 ਵਿਚ ਰੂਸੀ ਫੌਜਾਂ ਨੂੰ ਯੂਕਰੇਨ ’ਤੇ ਚੜ੍ਹਾਈ ਦੇ ਹੁਕਮ ਦੇਣ ਤੋਂ ਪਹਿਲਾਂ ਤੱਤਕਾਲੀ ਅਮਰੀਕੀ ਸਦਰ ਜੋਅ ਬਾਇਡਨ ਨਾਲ ਗੱਲਬਾਤ ਕੀਤੀ ਸੀ।
ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਪੂਤਿਨ ਤੇ ਟਰੰਪ ਨੇ ਮੱਧ ਪੂਰਬ, ਦੁਵੱਲੇ ਰਿਸ਼ਤਿਆਂ, ਯੂਕਰੇਨ ਅਤੇ ਵਾਸ਼ਿੰਗਟਨ ਤੇ ਮਾਸਕੋ ਦਰਮਿਆਨ ਕੈਦੀਆਂ ਦੇ ਤਬਾਦਲੇ ਆਦਿ ਦੀ ਗੱਲ ਕੀਤੀ।
ਸਰਕਾਰੀ ਖ਼ਬਰ ਏਜੰਸੀ TASS ਨੇ ਕਿਹਾ ਕਿ ਪੂਤਿਨ ਤੇ ਟਰੰਪ ਨੇ ਮਿਲਣ ਦੀ ਸਹਿਮਤੀ ਦਿੱਤੀ ਹੈ। ਏਜੰਸੀ ਮੁਤਾਬਕ ਪੂਤਿਨ ਨੇ ਟਰੰਪ ਨੂੰ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ।
ਕਾਬਿਲੇਗੌਰ ਹੈ ਕਿ ਟਰੰਪ, ਜੋ 1987 ਵਿਚ ਆਈ ਕਿਤਾਬ ‘ਟਰੰਪ: ਦਿ ਆਰਟ ਆਫ਼ ਦਿ ਡੀਲ’ ਦੇ ਲੇਖਕ ਹਨ, ਕਈ ਵਾਰ ਕਹਿ ਚੁੱਕੇ ਹਨ ਕਿ ਉਹ (ਰੂਸ-ਯੂਕਰੇਨ) ਜੰਗ ਖਤਮ ਕਰਨਾ ਚਾਹੁੰਦੇ ਹਨ ਅਤੇ ਉਹ ਇਸ ਬਾਰੇ ਚਰਚਾ ਕਰਨ ਲਈ ਪੂਤਿਨ ਨਾਲ ਮੁਲਾਕਾਤ ਕਰਨਗੇ, ਹਾਲਾਂਕਿ ਇਸ ਗੱਲਬਾਤ ਦੀ ਤਰੀਕ ਜਾਂ ਸਥਾਨ ਅਜੇ ਤੱਥ ਜਨਤਕ ਨਹੀਂ ਕੀਤਾ ਗਿਆ। -ਰਾਇਟਰਜ਼