ਟਰੰਪ ਵੱਲੋਂ ਮੁੜ ਦਾਅਵਾ....ਭਾਰਤ ਪਾਕਿ ਜੰਗ ਰੋਕੀ; ਟਕਰਾਅ ਦੌਰਾਨ ਸੱਤ ਜਹਾਜ਼ ਡਿੱਗੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਮਈ ਵਿਚ ਹੋਏ ਫੌਜੀ ਟਕਰਾਅ ਵਿਚ ਸੱਤ ਜਹਾਜ਼ ਫੁੰਡੇ ਗਏ ਸਨ। ਟਰੰਪ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਵਾਂ ਵਿਚੋਂ ਕਿਸ ਮੁਲਕ ਦੇ ਸਨ।
ਫੌਕਸ ਨਿਊਜ਼ ਬਰੌਡਕਾਸਟ ਨੂੰ ਦਿੱਤੀ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ‘ਟੈਰਿਫ਼ਾਂ ਦੀ ਧਮਕੀ’ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਰੋਕਣ ਲਈ ਮਜਬੂਰ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮਿਸਾਲ ਵਜੋਂ ਟੈਰਿਫ ਦੀ ਧਮਕੀ ਨੇ ਭਾਰਤ ਅਤੇ ਪਾਕਿਸਤਾਨ, ਦੋ ਪ੍ਰਮਾਣੂ ਮੁਲਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਉਹ ਅਜਿਹਾ ਕਰ ਰਹੇ ਸਨ। ਸੱਤ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ; ਇਹ ਬਹੁਤ ਜ਼ਿਆਦਾ ਹੈ। ਅਤੇ ਉਹ ਅਜਿਹਾ ਕਰ ਰਹੇ ਸਨ। ਅਤੇ ਇਹ ਇੱਕ ਪ੍ਰਮਾਣੂ ਜੰਗ ਹੋ ਸਕਦੀ ਸੀ।’’ ਟਰੰਪ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਲੱਖਾਂ ਜਾਨਾਂ ਬਚਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ: ਟਰੰਪ ਦੀ ਭਾਰਤ ਨੂੰ ਚੇਤਾਵਨੀ… ਰੂਸੀ ਤੇਲ ਖਰੀਦਣਾ ਬੰਦ ਕਰੋ ਜਾਂ ਫਿਰ ਵੱਡੇ ਟੈਰਿਫਾਂ ਲਈ ਤਿਆਰ ਰਹੋ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ 200 ਫੀਸਦ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਜੰਗ ਰੋਕਣੀ ਪਈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਮੁਲਕਾਂ ਨੂੰ ਕਿਹਾ, ‘‘ਅਸੀਂ 200 ਫੀਸਦ ਟੈਰਿਫ ਲਗਾਉਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਲਈ ਸੌਦਾ ਕਰਨਾ ਅਸੰਭਵ ਹੋ ਜਾਵੇਗਾ, ਅਤੇ ਅਸੀਂ ਤੁਹਾਡੇ ਨਾਲ ਕਾਰੋਬਾਰ ਨਹੀਂ ਕਰਾਂਗੇ। ਅਤੇ 24 ਘੰਟਿਆਂ ਬਾਅਦ, ਮੈਂ ਜੰਗ ਦਾ ਨਿਪਟਾਰਾ ਕਰ ਦਿੱਤਾ।’’ ਕਾਬਿਲੇਗੌਰ ਹੈ ਕਿ ਅਮਰੀਕੀ ਸਦਰ ਹੁਣ ਤਕ ਦਰਜਨਾਂ ਵਾਰ ਭਾਰਤ ਪਾਕਿ ਜੰਗ ਰੁਕਵਾਉਣ ਦਾ ਦਾਅਵਾ ਕਰ ਚੁੱਕੇ ਹਨ।
ਦੂਜੇ ਪਾਸੇ ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਟਕਰਾਅ ਖ਼ਤਮ ਕਰਨ ਬਾਰੇ ਸਮਝੌਤਾ ਦੋਵਾਂ ਫੌਜਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ ਸੀ। ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ 7 ਮਈ ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਇਸ ਫੌਜੀ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ। ਚਾਰ ਦਿਨਾਂ ਤੱਕ ਸਰਹੱਦ ਪਾਰੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਦੋਵਾਂ ਮੁਲਕਾਂ ਨੇ 10 ਮਈ ਨੂੰ ਟਕਰਾਅ ਖਤਮ ਕਰਨ ਲਈ ਇੱਕ ਸਮਝੌਤਾ ਕੀਤਾ ਸੀ।