ਟਰੰਪ ਵੱਲੋਂ ਮੁੜ ਦਾਅਵਾ...ਮੈਂ ਰੋਕੀ ਭਾਰਤ-ਪਾਕਿ ਜੰਗ
Trump and India-Pakistan conflict: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਚੱਲੇ ਫੌਜੀ ਟਕਰਾਅ ਮਗਰੋਂ ‘ਹਾਲਾਤ ਨੂੰ ਸੰਭਾਲ ਲਿਆ ਸੀ’, ਜੋ ਇਕ ‘ਪ੍ਰਮਾਣੂ ਜੰਗ’ ਵਿਚ ਬਦਲ ਸਕਦਾ ਸੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਸ਼ੁੱਕਰਵਾਰ ਨੂੰ ਇਹ ਦਾਅਵਾ ਵੀ ਕੀਤਾ ਕਿ ਇਸ ਟਕਰਾਅ ਦੌਰਾਨ ਪੰਜ ਜਾਂ ਛੇ ਜਹਾਜ਼ ‘ਡੇਗ ਲਏ ਗਏ’ ਸਨ। ਹਾਲਾਂਕਿ ਅਮਰੀਕੀ ਸਦਰ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਭਾਰਤ ਜਾਂ ਪਾਕਿਸਤਾਨ ’ਚੋਂ ਕਿਸ ਦੇ ਸਨ, ਜਾਂ ਫਿਰ ਉਹ ਦੋਵਾਂ ਮੁਲਕਾਂ ਦੇ ਕੁੱਲ ਨੁਕਸਾਨ ਦੀ ਗੱਲ ਕਰ ਰਹੇ ਸਨ।
ਉਧਰ ਭਾਰਤ ਇਹ ਦਾਅਵਾ ਕਰਦਾ ਆਇਆ ਹੈ ਕਿ ਦੋਵਾਂ ਮੁਲਕਾਂ (ਭਾਰਤ-ਪਾਕਿਸਤਾਨ) ਨੇ ਆਪਣੀ ਫੌਜੀ ਕਾਰਵਾਈ ਆਪਸੀ ਗੱਲਬਾਤ ਜ਼ਰੀਏ ਰੋਕੀ ਸੀ ਤੇ ਇਸ ਵਿਚ ਅਮਰੀਕਾ ਦੀ ਕੋਈ ਵਿਚੋਲਗੀ ਨਹੀਂ ਸੀ। ਟਰੰਪ ਨੇ ਇਹ ਬਿਆਨ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਤੇ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਦੀ ਮੌਜੂਦਗੀ ਵਿਚ ਦਿੱਤਾ। ਇਹ ਤਿੰਨੋਂ ਆਗੂ ਇਕ ਤਿੰਨ ਧਿਰੀ ਸਮਝੌਤੇ ’ਤੇ ਦਸਤਖ਼ਤ ਲਈ ਰੱਖੇ ਸਮਾਗਮ ਵਿਚ ਸ਼ਾਮਲ ਹੋਏ, ਜਿੱਥੇ ਅਮਰੀਕਾ ਦੀ ਵਿਚੋਲਗੀ ਨਾਲ ਇਕ ਸ਼ਾਂਤੀ ਸਮਝੌਤੇ ’ਤੇ ਸਹੀ ਪਾਈ ਗਈ।
ਟਰੰਪ ਨੇ ਕਿਹਾ, ‘‘ਰਾਸ਼ਟਰਪਤੀ ਵਜੋਂ ਮੇਰੀ ਸਭ ਤੋਂ ਵੱਡੀ ਇੱਛਾ ਵਿਸ਼ਵ ਵਿਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣਾ ਹੈ। ਅੱਜ ਦਾ ਇਹ ਸਮਝੌਤਾ ਭਾਰਤ ਤੇ ਪਾਕਿਸਤਾਨ ਨਾਲ ਸਾਡੀ ਸਫ਼ਲਤਾ ਤੋਂ ਬਾਅਦ ਹੋਇਆ ਹੈ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਉਹ ਇਕ ਦੂਜੇ ਖਿਲਾਫ਼ ਪੂਰੀ ਤਾਕਤ ਨਾਲ ਲੜ ਰਹੇ ਸਨ, ਹਾਲਾਤ ਕਾਫ਼ੀ ਗੰਭੀਰ ਹੋ ਗਏ ਸਨ। ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਇਕ ਵੱਡਾ ਟਕਰਾਅ ਸ਼ਾਇਦ ਪ੍ਰਮਾਣੂ ਜੰਗ ਹੋ ਸਕਦੀ ਸੀ, ਪਰ ਠੀਕ ਪਹਿਲਾਂ ਦੋਵੇਂ ਮਹਾਨ ਆਗੂ ਇਕੱਠੇ ਆਏ ਤੇ ਹਾਲਾਤ ਨੂੰ ਸੰਭਾਲਿਆ।’’
ਟਰੰਪ ਨੇ ਕਿਹਾ ਕਿ ਉਹ ਵਪਾਰ ਜ਼ਰੀਏ ਟਕਰਾਅ ਨੂੰ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ ਮਾਮਲਾ ਸੁਲਝਾਇਆ। ਮੈਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਵਪਾਰ ਸੀ, ਹੋਰ ਕੋਈ ਵਜ੍ਹਾ ਨਹੀਂ।’’ ਅਮਰੀਕੀ ਰਾਸ਼ਟਰਪਤੀ ਨੇ ਇਸ ਪ੍ਰੋਗਰਾਮ ਦੌਰਾਨ ਆਪਣੇ ਬਿਆਨ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਦਾ ਦੋ ਵਾਰ ਜ਼ਿਕਰ ਕੀਤਾ। ਉਧਰ ਟਰੰਪ ਦੀ ਇਸ ਟਿੱਪਣੀ ਮਗਰੋਂ ਕਾਂਗਰਸ ਨੇ ਆਪਣੇ ਐਕਸ ਖਾਤੇ ’ਤੇ ਇਕ ਵਾਰ ਫਿਰ ਸਵਾਲ ਚੁੱਕਿਆ ਹੈ।