Trump, Putin speak for more than 2 hours: ਟਰੰਪ ਵੱਲੋਂ ਪੂਤਿਨ ਤੇ ਜ਼ੇਲੈਂਸਕੀ ਨਾਲ ਫੋਨ ’ਤੇ ਗੱਲਬਾਤ
ਦੋ ਘੰਟੇ ਤੋਂ ਵੱਧ ਸਮਾਂ ਹੋਈ ਗੱਲਬਾਤ; ਸਹੀ ਢੰਗ ਨਾਲ ਸਮਝੌਤੇ ਹੋਣ ਤਾਂ ਯੂਕਰੇਨ ਵਿੱਚ ਜੰਗਬੰਦੀ ਸੰਭਵ: ਪੂਤਿਨ; ਜੰਗ ਖਤਮ ਹੋਣ ਤੋਂ ਬਾਅਦ ਅਮਰੀਕਾ ਨਾਲ ਰੂਸ ਵੱਡੇ ਪੱਧਰ ’ਤੇ ਵਪਾਰ ਸ਼ੁਰੂ ਕਰਨ ਦਾ ਇਛੁੱਕ: ਟਰੰਪ; ਦੋਵਾਂ ਦੇਸ਼ਾਂ ਦਰਮਿਆਨ ਜਲਦੀ ਗੱਲਬਾਤ ਸ਼ੁਰੂ ਹੋਣ ਦਾ ਦਾਅਵਾ
ਵਾਸ਼ਿੰਗਟਨ/ਮਾਸਕੋ, 19 ਮਈ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਯੂਕਰੇਨ ਵਿਚ ਜੰਗਬੰਦੀ ਬਾਰੇ ਗੱਲਬਾਤ ਕੀਤੀ। ਇਹ ਗੱਲਬਾਤ ਦੋ ਘੰਟੇੇ ਤੋਂ ਜ਼ਿਆਦਾ ਹੋਈ। ਇਸ ਮੌਕੇ ਪੂਤਿਨ ਨੇ ਕਿਹਾ ਕਿ ਜੇ ਸਮਝੌਤੇ ਸਹੀ ਢੰਗ ਨਾਲ ਲਾਗੂ ਹੋ ਜਾਣ ਤਾਂ ਯੂਕਰੇਨ ਵਿਚ ਕੁਝ ਸਮੇਂ ਲਈ ਜੰਗਬੰਦੀ ਲਾਗੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੰਗ ਦੀ ਅਸਲ ਸਮੱਸਿਆ ਨੂੰ ਖਤਮ ਕਰਨ ਨਾਲ ਹੀ ਜੰਗਬੰਦੀ ਸੰਭਵ ਹੈ। ਟਰੰਪ ਨੇ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ, ਇਹ ਗੱਲਬਾਤ ਕੁਝ ਹੀ ਸਮੇਂ ਵਿਚ ਮੁਕੰਮਲ ਹੋ ਗਈ। ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਤਿੰਨ ਵਾਰ ਪੂਤਿਨ ਨਾਲ ਗੱਲਬਾਤ ਕਰ ਚੁੱਕੇ ਹਨ।
ਟਰੰਪ ਨੇ ਕਿਹਾ ਕਿ ਜੰਗ ਖਤਮ ਹੋਣ ਤੋਂ ਬਾਅਦ ਰੂਸ ਅਮਰੀਕਾ ਨਾਲ ਵੱਡੇ ਪੱਧਰ ’ਤੇ ਵਪਾਰ ਕਰਨ ਦਾ ਇਛੁੱਕ ਹੈ। ਟਰੰਪ ਨੇ ਯੂਕਰੇਨ ਨੂੰ ਕਿਹਾ ਕਿ ਉਹ ਵਪਾਰ ਜ਼ਰੀਏ ਵੱਡਾ ਲਾਭ ਹਾਸਲ ਕਰ ਸਕਦਾ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਹਾਂਪੱਖੀ ਗੱਲਬਾਤ ਜਲਦੀ ਸ਼ੁਰੂ ਹੋਵੇਗੀ।