ਟੈਰਿਫਾਂ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਸਮਝੌਤਾ ਸਿਰੇ ਚੜ੍ਹਿਆ: ਟਰੰਪ
ਚੀਨੀ ਦਰਾਮਦਾਂ ’ਤੇ ਟੈਰਿਫ ਵਿਚ ਦਸ ਫੀਸਦ ਦੀ ਕਟੌਤੀ ਕਰੇਗਾ ਅਮਰੀਕਾ; ਬਦਲੇ ਵਿਚ ਅਮਰੀਕੀ ਸੋਇਆਬੀਨ ਦੀ ਖਰੀਦ ਤੇ ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਜਾਰੀ ਰੱਖੇਗਾ ਚੀਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਏਅਰ ਬੇਸ ’ਤੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲੇ। ਇਕ ਘੰਟਾ ਤੇ 40 ਮਿੰਟ ਦੇ ਕਰੀਬ ਚੱਲੀ ਇਸ ਬੈਠਕ ਮਗਰੋਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫਾਂ ਵਿਚ ਕਟੌਤੀ ਲਈ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਸ ਦੇ ਬਦਲੇ ਵਿੱਚ ਪੇਈਚਿੰਗ ਅਮਰੀਕੀ ਸੋਇਆਬੀਨ ਦੀ ਖਰੀਦਦਾਰੀ ਮੁੜ ਸ਼ੁਰੂ ਕਰੇਗਾ, ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਨੂੰ ਜਾਰੀ ਰੱਖੇਗਾ ਅਤੇ ਫੈਂਟਾਨਿਲ ਦੇ ਗੈਰਕਾਨੂੰਨੀ ਵਪਾਰ ਖਿਲਾਫ਼ ਕਾਰਵਾਈ ਕਰੇਗਾ।
ਸੂਤਰਾਂ ਮੁਤਾਬਕ ਸਮਝੌਤੇ ਤਹਿਤ ਚੀਨੀ ਦਰਾਮਦਾਂ ’ਤੇ ਲੱਗਦੇ 57 ਫੀਸਦ ਟੈਰਿਫ ਵਿਚ ਦਸ ਫੀਸਦ ਦੀ ਕਟੌਤੀ ਕੀਤੀ ਜਾਵੇਗੀ। ਦੋਵਾਂ ਆਗੂਆਂ ਦਰਮਿਆਨ ਨੇ ਬੈਠਕ ਦੌਰਾਨ ਟੈਰਿਫ਼, ਕੰਪਿਊਟਰ ਚਿੱਪ, ਦੁਰਲੱਭ ਧਰਤੀ ਖਣਿਜਾਂ ਤੇ ਟਕਰਾਅ ਵਾਲੇ ਹੋਰਨਾਂ ਮੁੱਦਿਆਂ ’ਤੇ ਚਰਚਾ ਕੀਤੀ। ਸ਼ੀ ਨਾਲ ਮੁਲਕਾਤ ਮਗਰੋਂ ਟਰੰਪ ਵਾਸ਼ਿੰਗਟਨ ਲਈ ਰਵਾਨਾ ਹੋ ਗਏ।
ਸਾਲ 2019 ਮਗਰੋਂ ਟਰੰਪ ਤੇ ਸ਼ੀ ਦੀ ਇਹ ਪਹਿਲੀ ਆਹਮੋ ਸਾਹਮਣੀ ਮੀਟਿੰਗ ਹੈ। ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸੰਮੇਲਨ ਤੋਂ ਇਕਪਾਸੇ ਹੋਈ ਇਹ ਮੀਟਿੰਗ ਦੋ ਘੰਟੇ (ਇਕ ਘੰਟਾ ਤੇ 40 ਮਿੰਟ) ਦੇ ਕਰੀਬ ਚੱਲੀ। ਟਰੰਪ ਨੇ ਹੱਥ ਮਿਲਾਇਆ ਅਤੇ ਸ਼ੀ ਨੂੰ ਆਪਣੀ ਕਾਰ ਤੱਕ ਲੈ ਗਏ। ਅਮਰੀਕੀ ਰਾਸ਼ਟਰਪਤੀ ਨੂੰ ਹਵਾਈ ਅੱਡੇ ’ਤੇ ਰੈੱਡ ਕਾਰਪੈਟ ਵਿਛਾ ਕੇ ਵਿਦਾਇਗੀ ਦਿੱਤੀ ਗਈ।
ਦੱਖਣੀ ਬੰਦਰਗਾਹੀ ਸ਼ਹਿਰ ਬੁਸਾਨ ਵਿੱਚ ਹੋਈ ਇਹ ਮੁਲਾਕਾਤ ਟਰੰਪ ਦੇ ਇਸ ਸਾਲ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਪਹਿਲੀ ਮਿਲਣੀ ਸੀ। ਬੈਠਕ ਤੋਂ ਪਹਿਲਾਂ ਟਰੰਪ ਨੇ ਸ਼ੀ ਨਾਲ ਹੱਥ ਮਿਲਾਉਂਦੇ ਹੋਏ ਕਿਹਾ, ‘‘ਸਾਡੀ ਇਹ ਮੁਲਾਕਾਤ ਬਹੁਤ ਸਫ਼ਲ ਹੋਣ ਜਾ ਰਹੀ ਹੈ, ਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ। ਪਰ ਉਹ (ਸ਼ੀ) ਇੱਕ ਬਹੁਤ ਹੀ ਸਖ਼ਤ ਵਾਰਤਾਕਾਰ ਹਨ।’’
ਦੋਵੇਂ ਆਗੂ ਜਦੋਂ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਵਫ਼ਦਾਂ ਨਾਲ ਬੈਠੇ, ਤਾਂ ਸ਼ੀ ਨੇ ਇੱਕ ਅਨੁਵਾਦਕ ਰਾਹੀਂ ਟਰੰਪ ਨੂੰ ਦੱਸਿਆ ਕਿ ਦੁਨੀਆ ਦੇ ਦੋ ਪ੍ਰਮੁੱਖ ਅਰਥਚਾਰਿਆਂ ਵਿੱਚ ਕਦੇ-ਕਦੇ ਟਕਰਾਅ ਹੋਣਾ ਸੁਭਾਵਕ ਤੇ ਆਮ ਗੱਲ ਹੈ। ਚੀਨੀ ਸਦਰ ਨੇ ਕਿਹਾ, ‘‘ਕੁਝ ਦਿਨ ਪਹਿਲਾਂ... ਸਾਡੀਆਂ ਦੋ ਆਰਥਿਕ ਅਤੇ ਵਪਾਰਕ ਟੀਮਾਂ ਆਪਣੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਬਾਰੇ ਬੁਨਿਆਦੀ ਸਹਿਮਤੀ ’ਤੇ ਪਹੁੰਚੀਆਂ। ਇਹ ਮੀਟਿੰਗ ਉਤਸ਼ਾਹਜਨਕ ਰਹੀ... ਮੈਂ ਚੀਨ-ਅਮਰੀਕਾ ਸਬੰਧਾਂ ਲਈ ਇੱਕ ਠੋਸ ਨੀਂਹ ਤਿਆਰ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਤਿਆਰ ਹਾਂ।’’ ਬੁੱਧਵਾਰ ਨੂੰ ਦੱਖਣੀ ਕੋਰੀਆ ਨਾਲ ਵਪਾਰਕ ਗੱਲਬਾਤ ਵਿੱਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਟਰੰਪ ਨੇ ਸ਼ੀ ਨਾਲ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਆਸ ਜਤਾਈ ਸੀ।

