ਵ੍ਹਾਈਟ ਹਾਊਸ ਵਿਚ ਸ਼ੁੱਕਰਵਾਰ ਨੂੰ ਹੋਵੇਗੀ ਟਰੰਪ-ਮਮਦਾਨੀ ਮੁਲਾਕਾਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨਾਲ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕਰਨਗੇ। ਟਰੰਪ ਮੇਅਰ ਦੀ ਚੋਣ ਮੌਕੇ ਮਮਦਾਨੀ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਨੁਕਤਾਚੀਨੀ ਕਰਦੇ ਰਹੇ ਹਨ।
ਅਮਰੀਕੀ ਸਦਰ ਨੇ 4 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਮਮਦਾਨੀ ਦੀ ਜਿੱਤ ਨਿਊਯਾਰਕ ਸਿਟੀ ਲਈ ‘ਮੁਕੰਮਲ ਆਰਥਿਕ ਅਤੇ ਸਮਾਜਿਕ ਤਬਾਹੀ’ ਹੋਵੇਗੀ।
ਟਰੰਪ ਨੇ ਬੁੱਧਵਾਰ ਨੂੰ ਟਰੁੱਥ ਸੋਸ਼ਲ ’ਤੇ ਇਕ ਪੋਸਟ ਵਿਚ ਕਿਹਾ, ‘‘ਨਿਊਯਾਰਕ ਸਿਟੀ ਦੇ ਕਮਿਊਨਿਸਟ ਮੇਅਰ, ਜ਼ੋਹਰਾਨ ‘ਕਵਾਮੇ’ ਮਮਦਾਨੀ ਨੇ ਇੱਕ ਮੀਟਿੰਗ ਲਈ ਕਿਹਾ ਹੈ। ਅਸੀਂ ਸਹਿਮਤ ਹੋਏ ਹਾਂ ਕਿ ਇਹ ਮੀਟਿੰਗ ਸ਼ੁੱਕਰਵਾਰ, 21 ਨਵੰਬਰ ਨੂੰ ਓਵਲ ਦਫ਼ਤਰ ਵਿੱਚ ਹੋਵੇਗੀ। ਹੋਰ ਵੇਰਵੇ ਬਾਅਦ ਵਿੱਚ ਆਉਣਗੇ!’’
ਉਧਰ ਮਮਦਾਨੀ ਨੇ ਵੀ ਮੇਅਰ ਦੀ ਚੋਣ ਮਗਰੋਂ ਆਪਣੇ ਜੇਤੂ ਤਕਰੀਰ ਵਿਚ ਟਰੰਪ, ਜਿਨ੍ਹਾਂ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਵਿੱਚ ਇਮੀਗ੍ਰੇਸ਼ਨ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ, ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਦਾਅਵਾ ਸੀ ਕਿ ਨਿਊਯਾਰਕ ਪਰਵਾਸੀਆਂ ਦੁਆਰਾ ਸੰਚਾਲਿਤ ਹੋਵੇਗਾ ਅਤੇ ਉਸ ਦੀ ਇਤਿਹਾਸਕ ਜਿੱਤ ਤੋਂ ਬਾਅਦ ਹੁਣ ‘ਇੱਕ ਪਰਵਾਸੀ ਦੀ ਅਗਵਾਈ’ ਵਿੱਚ ਹੋਵੇਗਾ।
ਟਰੰਪ ਨੇ ਮਮਦਾਨੀ ਦੇ ਇਨ੍ਹਾਂ ਬੋਲਾਂ ਨੂੰ ‘ਬਹੁਤ ਗੁੱਸੇ ਵਾਲਾ’ ਭਾਸ਼ਣ ਕਿਹਾ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਸ ਦੀ ਸ਼ੁਰੂਆਤ ਬੁਰੀ ਹੈ ਅਤੇ ਜੇਕਰ ਉਹ ਵਾਸ਼ਿੰਗਟਨ ਦਾ ਸਤਿਕਾਰ ਨਹੀਂ ਕਰਦਾ ਤਾਂ ਉਸ ਦੇ ਸਫਲ ਹੋਣ ਦਾ ਕੋਈ ਮੌਕਾ ਨਹੀਂ ਹੈ।
