ਭਾਰਤ ਤੇ ਚੀਨ ਖ਼ਿਲਾਫ਼ ਬਸਤੀਵਾਦੀ ਨੀਤੀਆਂ ਅਪਣਾ ਰਹੇ ਨੇ ਟਰੰਪ: ਪੂਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਤੇ ਚੀਨ ਜਿਹੇ ‘ਮਜ਼ਬੂਤ ਅਰਥਚਾਰਿਆਂ’ ਦੇ ਆਗੂਆਂ ’ਤੇ ਬਸਤੀਵਾਦੀ ਕਾਲ ਦੀਆਂ ਦਬਾਅ ਦੀਆਂ ਨੀਤੀਆਂ ਅਪਣਾਉਣ ਦੀਆਂ ਕੋਸ਼ਿਸ਼ਾਂ ਲਈ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ‘ਭਾਈਵਾਲਾਂ’ ਨਾਲ ਨਜਿੱਠਣ ਦਾ ਇਹ ਢੰਗ ਠੀਕ ਨਹੀਂ ਹੈ। ਚੀਨ ਦੀ ਵਿਜੈ ਦਿਵਸ ਪਰੇਡ ’ਚ ਸ਼ਾਮਲ ਹੋਣ ਆਏ ਪੂਤਿਨ ਨੇ ਬੀਤੇ ਦਿਨ ਇੱਥੇ ਮੀਡੀਆ ਨੂੰ ਕਿਹਾ ਕਿ ਭਾਰਤ ਤੇ ਚੀਨ ਜਿਹੇ ‘ਸ਼ਕਤੀਸ਼ਾਲੀ ਅਰਥਚਾਰਿਆਂ’ ਤੇ ਉਨ੍ਹਾਂ ਦੀ ਸੰਘਣੀ ਅਬਾਦੀ ਦਰਮਿਆਨ ਉਨ੍ਹਾਂ ਦੇ ਆਪਣੇ ਘਰੇਲੂ ਰਾਜਨੀਤਕ ਤੰਤਰ ਤੇ ਕਾਨੂੰਨ ਹਨ।
ਰੂਸ ਦੇ ਰਾਸ਼ਟਰਪਤੀ ਨੇ ਕਿਹਾ, ‘ਜਦੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਨੂੰ ਸਜ਼ਾ ਦੇਣ ਵਾਲੇ ਹਨ ਤਾਂ ਤੁਹਾਨੂੰ ਉਨ੍ਹਾਂ ਦੇਸ਼ਾਂ, ਉਨ੍ਹਾਂ ਵੱਡੇ ਦਰਬਾਰੀਆਂ ਦੀ ਅਗਵਾਈ ਬਾਰੇ ਸੋਚਣਾ ਹੋਵੇਗਾ, ਜਿਨ੍ਹਾਂ ਇਤਿਹਾਸ ’ਚ ਵੀ ਔਖੇ ਦੌਰ ਦੇਖੇ ਹਨ ਅਤੇ ਉਹ ਪ੍ਰਤੀਕਿਰਿਆ ਦੇਣਗੇ।’ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਕਾਂ ਨੂੰ ਬਸਤੀਵਾਦ ਨਾਲ ਨਜਿੱਠਣਾ ਪਿਆ, ਜਿਨ੍ਹਾਂ ਦੀ ਪ੍ਰਭੂਸੱਤਾ ’ਤੇ ਲੰਮੇ ਸਮੇਂ ਤੱਕ ਹਮਲੇ ਹੋਏ ਹਨ।