ਟਰੰਪ ਨੇ ਜਾਪਾਨ ਤੇ ਦੱਖਣੀ ਕੋਰੀਆ ਨੂੰ 25 ਫੀਸਦ ਟੈਕਸ ਲਾਇਆ; 12 ਹੋਰਨਾਂ ਮੁਲਕਾਂ ਲਈ ਨਵੇਂ ਦਰਾਮਦ ਟੈਕਸ
ਵਾਸ਼ਿੰਗਟਨ, 8 ਜੁਲਾਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫੀਸਦ ਟੈਕਸ ਲਗਾਉਣ ਦੇ ਨਾਲ-ਨਾਲ ਇੱਕ ਦਰਜਨ ਹੋਰ ਮੁਲਕਾਂ ’ਤੇ ਨਵੀਆਂ ਟੈਕਸ ਦਰਾਂ ਲਗਾਉਣ ਦਾ ਐਲਾਨ ਕੀਤਾ ਹੈ, ਜੋ 1 ਅਗਸਤ ਤੋਂ ਅਮਲ ਵਿਚ ਆਉਣਗੀਆਂ। ਟਰੰਪ ਨੇ ਟਰੂਥ ਸੋਸ਼ਲ ’ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ ਸੰਬੋਧਤ ਪੱਤਰ ਪੋਸਟ ਕਰਕੇ ਨੋਟਿਸ ਦਿੱਤਾ ਹੈ। ਪੱਤਰਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਦਰਾਮਦ ਟੈਕਸ ਵਧਾ ਕੇ ਵਾਰੀ ਦਾ ਵੱਟਾ ਨਾ ਲਾਹੁਣ, ਨਹੀਂ ਤਾਂ ਟਰੰਪ ਪ੍ਰਸ਼ਾਸਨ ਟੈਕਸ ਹੋਰ ਵਧਾ ਦੇਵੇਗਾ।
ਟਰੰਪ ਨੇ ਜਾਪਾਨੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇਅ ਮਯੰਗ ਨੂੰ ਲਿਖੇ ਪੱਤਰਾਂ ਵਿੱਚ ਕਿਹਾ, ‘‘ਜੇਕਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਦਰਾਮਦ ਟੈਕਸ ਵਧਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਸੀਂ ਜਿੰਨਾ ਫੀਸਦ ਉਨ੍ਹਾਂ ਨੂੰ ਵਧਾਉਣਾ ਚਾਹੁੰਦੇ ਹੋ, ਉਹ 25 ਫੀਸਦ ਟੈਕਸ ਵਿੱਚ ਜੋੜ ਦਿੱਤਾ ਜਾਵੇਗੀ ਜੋ ਅਸੀਂ ਤੁਹਾਡੇ ਤੋਂ ਲੈਂਦੇ ਹਾਂ।’’ ਟਰੰਪ ਨੂੰ ਵਿਸ਼ਵਾਸ ਹੈ ਕਿ ਘਰੇਲੂ ਨਿਰਮਾਣ ਨੂੰ ਵਾਪਸ ਲਿਆਉਣ ਅਤੇ ਟੈਕਸ ਕਟੌਤੀਆਂ ਨੂੰ ਫੰਡ ਦੇਣ ਲਈ ਟੈਰਿਫ ਜ਼ਰੂਰੀ ਹਨ। ਇਨ੍ਹਾਂ ਟੈਕਸਾਂ ’ਤੇ ਉਨ੍ਹਾਂ ਪਿਛਲੇ ਸ਼ੁੱਕਰਵਾਰ ਨੂੰ ਦਸਤਖਤ ਕੀਤੇ ਸਨ।
ਉਧਰ ਦੱਖਣੀ ਕੋਰੀਆ ਦੇ ਵਣਜ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੀਆਂ ਬਰਾਮਦਾਂ ’ਤੇ 25 ਫੀਸਦ ਟੈਕਸ ਲਾਗੂ ਹੋਣ ਤੋਂ ਪਹਿਲਾਂ ਅਮਰੀਕਾ ਨਾਲ ਗੱਲਬਾਤ ਕਰੇਗਾ। ਜਿਨ੍ਹਾਂ ਹੋਰ ਮੁਲਕਾਂ ’ਤੇ ਦਰਾਮਦ ਟੈਕਸ ਵਧਾਇਆ ਗਿਆ ਉਨ੍ਹਾਂ ਵਿਚ ਮਿਆਂਮਾਰ ਅਤੇ ਲਾਓਸ ’ਤੇ 40 ਫੀਸਦ, ਕੰਬੋਡੀਆ ਅਤੇ ਥਾਈਲੈਂਡ 36 ਫੀਸਦ; ਸਰਬੀਆ ਅਤੇ ਬੰਗਲਾਦੇਸ਼ 35 ਫੀਸਦ, ਇੰਡੋਨੇਸ਼ੀਆ 32 ਪ੍ਰਤੀਸ਼ਤ, ਦੱਖਣੀ ਅਫਰੀਕਾ, ਬੋਸਨੀਆ ਅਤੇ ਹਰਜ਼ੇਗੋਵਿਨਾ 30 ਪ੍ਰਤੀਸ਼ਤ ਅਤੇ ਕਜ਼ਾਕਿਸਤਾਨ, ਮਲੇਸ਼ੀਆ ਅਤੇ ਟਿਊਨੀਸ਼ੀਆ ’ਤੇ 25 ਫੀਸਦ ਟੈਕਸ ਸ਼ਾਮਲ ਹਨ।
ਤਕਨੀਕੀ ਤੌਰ ’ਤੇ 90 ਦਿਨਾਂ ਦੀ ਗੱਲਬਾਤ ਦੀ ਮਿਆਦ ਬੁੱਧਵਾਰ ਨੂੰ ਖਤਮ ਹੋ ਰਹੀ ਹੈ, ਭਾਵੇਂ ਕਿ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਨਵੀਆਂ ਟੈਕਸ ਦਰਾਂ ਲਾਗੂ ਕਰਨ ਤੋਂ ਪਹਿਲਾਂ ਤਿੰਨ ਹਫ਼ਤਿਆਂ ਦੀ ਮਿਆਦ ਵਾਧੂ ਗੱਲਬਾਤ ਲਈ ਓਵਰਟਾਈਮ ਦੇ ਸਮਾਨ ਹੈ, ਜੋ ਦਰਾਂ ਨੂੰ ਬਦਲ ਸਕਦੀ ਹੈ। ਟਰੰਪ ਨੇ ਸੋਮਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ ਤਾਂ ਜੋ ਅਧਿਕਾਰਤ ਟੈਕਸ ਵਾਧੇ ਨੂੰ 1 ਅਗਸਤ ਤੱਕ ਮੁਲਤਵੀ ਕੀਤਾ ਜਾ ਸਕੇ। -ਏਪੀ