ਟਰੰਪ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ’ਤੇ 100 ਫ਼ੀਸਦ ਟੈਰਿਫ ਲਾਇਆ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦੇਸ਼ ਤੋਂ ਬਾਹਰ ਬਣੀਆਂ ਫਿਲਮਾਂ ’ਤੇ 100 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਭਾਰਤੀ ਫਿਲਮ ਉਦਯੋਗ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਟਰੰਪ ਨੇ ਅੱਜ ‘ਟਰੁੱਥ ਸੋਸ਼ਲ’ ਉੱਤੇ ਪੋਸਟ ਕੀਤਾ, ‘‘ਸਾਡਾ ਫਿਲਮ ਨਿਰਮਾਣ ਦਾ ਕਾਰੋਬਾਰ ਦੂਜੇ ਦੇਸ਼ਾਂ ਵੱਲੋਂ ਅਮਰੀਕਾ ਤੋਂ ‘ਬੱਚੇ ਕੋਲੋਂ ਟਾਫੀ ਚੋਰੀ ਕਰਨ’ ਵਾਂਗ ਚੋਰੀ ਕਰ ਲਿਆ ਗਿਆ ਹੈ। ਇਸ ਨਾਲ ਕੈਲੀਫੋਰਨੀਆ, ਖ਼ਾਸ ਤੌਰ ’ਤੇ ਕਾਫੀ ਪ੍ਰਭਾਵਿਤ ਹੋਇਆ ਹੈ।’’ ਉਨ੍ਹਾਂ ਇਸ ਨੁਕਸਾਨ ਲਈ ਡੈਮੋਕ੍ਰੈਟਿਕ ਗਵਰਨਰ ਗੈਵਿਨ ਨਿਊਸਮ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੂੰ ਉਨ੍ਹਾਂ ਨੇ ਕਮਜ਼ੋਰ ਤੇ ਅਯੋਗ ਕਰਾਰ ਦਿੱਤਾ। ਟਰੰਪ ਨੇ ਅੱਗੇ ਕਿਹਾ, ‘‘ਲੰਬੇ ਸਮੇਂ ਤੋਂ ਚੱਲ ਰਹੀ ਤੇ ਕਦੇ ਨਾ ਖ਼ਤਮ ਹੋਣ ਵਾਲੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਮੈਂ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ’ਤੇ 100 ਫੀਸਦੀ ਟੈਰਿਫ ਲਗਾਵਾਂਗਾ।’’ ਇਸ ਫੈਸਲੇ ਨਾਲ ਭਾਰਤੀ ਫਿਲਮ ਉਦਯੋਗ ’ਤੇ ਅਸਰ ਪੈਣ ਦੀ ਸੰਭਾਵਨਾ ਹੈ, ਜੋ ਕਈ ਭਾਸ਼ਾਵਾਂ ਵਿੱਚ ਫਿਲਮਾਂ ਬਣਾਉਂਦਾ ਹੈ। ਇਹ ਫਿਲਮਾਂ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਵਿੱਚ ਕਾਫੀ ਮਸ਼ਹੂਰ ਹਨ।