ਟਰੰਪ ਨੇ ਭਾਰਤ ਤੇ ਪਾਕਿ ਦਰਮਿਆਨ ਟਕਰਾਅ ਖ਼ਤਮ ਕਰਨ ’ਚ ਮਦਦ ਕੀਤੀ: ਰੂਬੀਓ
ਵਿਦੇਸ਼ ਮੰਤਰੀ ਨੇ ਪ੍ਰਮਾਣੂ ਸੰਪੰਨ ਮੁਲਕਾਂ ਦਰਮਿਆਨ ਜੰਗ ’ਚ ਅਮਰੀਕਾ ਦੇ ਸਿੱਧੇ ਤੌਰ ’ਤੇ ਸ਼ਾਮਲ ਹੋਣ ਦਾ ਕੀਤਾ ਦਾਅਵਾ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਾਅਵਾ ਕੀਤਾ ਕਿ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਤਾਂ ਅਮਰੀਕਾ ‘ਸਿੱਧੇ ਤੌਰ ’ਤੇ ਇਸ ਵਿਚ’ ਸ਼ਾਮਲ ਹੋਇਆ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੋਵਾਂ ਪ੍ਰਮਾਣੂ ਸੰਪੰਨ ਗੁਆਂਢੀਆਂ ਵਿਚਾਲੇ ‘ਸ਼ਾਂਤੀ ਸਥਾਪਤ ਕਰਨ ਵਿਚ ਸਫ਼ਲ’ ਰਹੇ।
ਟਰੰਪ ਨੇ 10 ਮਈ ਮਗਰੋਂ ਕਈ ਵਾਰ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ‘ਸਮਾਪਤ’ ਕਰਨ ਵਿਚ ਮਦਦ ਕੀਤੀ ਤੇ ਦੋਵਾਂ ਮੁਲਕਾਂ ਨੂੰ ਕਿਹਾ ਕਿ ਜੇਕਰ ਉਹ ਟਕਰਾਅ ਰੋਕ ਦੇਣ ਤਾਂ ਅਮਰੀਕਾ ਉਨ੍ਹਾਂ ਨਾਲ ‘ਬਹੁਤ ਸਾਰਾ’ ਵਪਾਰ ਕਰੇਗਾ। ਉਧਰ ਭਾਰਤ ਲਗਾਤਾਰ ਇਹ ਕਹਿੰਦਾ ਆਇਆ ਹੈ ਕਿ ਪਾਕਿਸਤਾਨ ਨਾਲ ਫੌਜੀ ਟਕਰਾਅ ਖ਼ਤਮ ਕਰਨ ਬਾਰੇ ਸਹਿਮਤੀ ਦੋਵਾਂ ਫੌਜਾਂ ਦੇ ਡੀਜੀਐੱਮਓਜ਼ ਵਿਚ ਸਿੱਧੀ ਗੱਲਬਾਤ ਤੋਂ ਬਾਅਦ ਬਣੀ ਹੈ।
ਰੂਬੀਓ ਨੇ ਵੀਰਵਾਰ ਨੂੰ ‘ਈਡਬਲਿਊਟੀਐੱਨ’ ਦੇ ‘ਦਿ ਵਰਲਡ ਓਵਰ’ ਪ੍ਰੋਗਰਾਮ ਲਈ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਟਰੰਪ ਸ਼ਾਂਤੀ ਲਈ ਪ੍ਰਤੀਬੱਧ ਹਨ ਤੇ ਉਹ ‘ਅਮਨ ਦੇ ਰਾਸ਼ਟਰਪਤੀ’ ਹਨ। ਉਨ੍ਹਾਂ ਕਿਹਾ, ‘‘ਤੇ ਇਸ ਲਈ ਅਸੀਂ ਦੇਖਿਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਤਾਂ ਅਸੀਂ ਸਿੱਧੇ ਤੌਰ ’ਤੇ ਇਸ ਵਿਚ ਸ਼ਾਮਲ ਹੋਏ ਤੇ ਰਾਸ਼ਟਰਪਤੀ (ਟਰੰਪ) ਸ਼ਾਂਤੀ ਸਥਾਪਤ ਕਰਨ ਵਿਚ ਸਫ਼ਲ ਰਹੇ।’’