ਟਰੰਪ ਵੱਲੋਂ 25ਵੀਂ ਵਾਰ ਭਾਰਤ-ਪਾਕਿ ਟਕਰਾਅ ਰੁਕਵਾਉਣ ਦਾ ਦਾਅਵਾ, ਫਿਰ ਵੀ ਪ੍ਰਧਾਨ ਮੰਤਰੀ ਮੋਦੀ ‘ਚੁੱਪ’: ਕਾਂਗਰਸ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ਰੁਕਵਾਉਣ ਦਾ ਦਾਅਵਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ‘ਚੁੱਪ’ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਟਰੰਪ ਨੇ 73 ਦਿਨਾਂ ਵਿੱਚ ਘੱਟੋ-ਘੱਟ 25ਵੀਂ ਵਾਰ ਭਾਰਤ-ਪਾਕਿ ਫੌਜੀ ਸੰਘਰਸ਼ ਰੁਕਵਾਉਣ ਦਾ ਸਿਹਰਾ ਖੁਦ ਲਿਆ ਹੈ।
ਖ਼ਬਰਾਂ ਅਨੁਸਾਰ ਟਰੰਪ ਨੇ ਇੱਕ ਵਾਰ ਫਿਰ ਕਿਹਾ, ‘‘ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾ ਦਿੱਤੀ। ਉਹ ਸ਼ਾਇਦ ਪ੍ਰਮਾਣੂ ਜੰਗ ਤੱਕ ਪਹੁੰਚਣ ਵਾਲੇ ਸਨ। ਉਨ੍ਹਾਂ ਨੇ ਪੰਜ ਜਹਾਜ਼ ਡੇਗ ਦਿੱਤੇ ਸਨ... ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਕੋਈ ਵਪਾਰ ਨਹੀਂ ਹੋਵੇਗਾ।’’
ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ, "ਇੱਕ ਪਾਸੇ ਮੋਦੀ ਸਰਕਾਰ ਸੰਸਦ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਦੇ ਮੁੱਦੇ ’ਤੇ ਚਰਚਾ ਦੀਆਂ ਨਿਸ਼ਚਿਤ ਤਾਰੀਖਾਂ ਦੇਣ ਤੋਂ ਇਨਕਾਰ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੇ ਜਵਾਬ ਦੇਣ ਬਾਰੇ ਵੀ ਕੋਈ ਭਰੋਸਾ ਨਹੀਂ ਦੇ ਰਹੀ ਹੈ, ਉੱਥੇ ਦੂਜੇ ਪਾਸੇ ਰਾਸ਼ਟਰਪਤੀ ਟਰੰਪ ਇਸ ਮੁੱਦੇ ’ਤੇ ਆਪਣੇ ਦਾਅਵਿਆਂ ਦੀ ਸਿਲਵਰ ਜੁਬਲੀ ਤੱਕ ਪਹੁੰਚ ਚੁੱਕੇ ਹਨ।’’
ਉਨ੍ਹਾਂ ਕਿਹਾ ਕਿ ਪਿਛਲੇ 73 ਦਿਨਾਂ ਵਿੱਚ ਰਾਸ਼ਟਰਪਤੀ ਟਰੰਪ ਇਸ ਵਿਸ਼ੇ ’ਤੇ 25 ਵਾਰ ਢੰਡੋਰਾ ਪਿੱਟ ਚੁੱਕੇ ਹਨ ਪਰ ਭਾਰਤ ਦੇ ਪ੍ਰਧਾਨ ਮੰਤਰੀ ਅਜੇ ਤੱਕ ਪੂਰੀ ਤਰ੍ਹਾਂ ਚੁੱਪ ਹਨ। ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਸਿਰਫ਼ ਵਿਦੇਸ਼ੀ ਯਾਤਰਾਵਾਂ ਅਤੇ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਨੂੰ ਅਸਥਿਰ ਕਰਨ ਲਈ ਹੀ ਸਮਾਂ ਮਿਲ ਰਿਹਾ ਹੈ।’’
ਦਰਅਸਲ, ਟਰੰਪ ਨੇ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਈ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ਨੂੰ ਵਪਾਰ ਸਮਝੌਤੇ ਰਾਹੀਂ ਰੁਕਵਾਇਆ ਸੀ। ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਫੌਜੀ ਡੀਜੀਐਮਓ ਦੇ ਸੰਪਰਕ ਕਰਨ ਤੋਂ ਬਾਅਦ ਫੌਜੀ ਕਾਰਵਾਈ ਰੋਕਣ ’ਤੇ ਵਿਚਾਰ ਕੀਤਾ ਗਿਆ।