ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ 1 ਅਗਸਤ ਤੋਂ ਭਾਰਤ ਤੋਂ ਆਯਾਤ ’ਤੇ 25 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ ਅਤੇ ਨਾਲ ਹੀ ਰੂਸ ਤੋਂ ਤੇਲ ਅਤੇ ਫ਼ੌਜੀ ਉਪਕਰਨ ਖਰੀਦਣ ’ਤੇ ਜੁਰਮਾਨਾ ਲਗਾਇਆ ਜਾਵੇਗਾ।ਟਰੰਪ ਨੇ Truth Social ’ਤੇ ਕਿਹਾ, ‘‘ਸਾਡਾ ਭਾਰਤ ਨਾਲ ਭਾਰੀ ਵਪਾਰ ਘਾਟਾ ਹੈ। ... ਸਭ ਕੁਝ ਠੀਕ ਨਹੀਂ ਹੈ! ਇਸ ਲਈ ਭਾਰਤ 25 ਫ਼ੀਸਦੀ ਟੈਰਿਫ ਦਾ ਭੁਗਤਾਨ ਕਰੇਗਾ, ਇਸ ਤੋਂ ਇਲਾਵਾ ਇਸ ਸਭ ਲਈ ਜੁਰਮਾਨਾ ਪਹਿਲੀ ਅਗਸਤ ਤੋਂ ਸ਼ੁਰੂ ਹੋਵੇਗਾ।’’ਅਮਰੀਕੀ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਭਾਰਤ ਸਾਡਾ ਦੋਸਤ ਹੈ’ ਪਰ ਅਮਰੀਕਾ ਨੇ ਉੱਚ ਟੈਰਿਫਾਂ ਕਾਰਨ ਨਵੀਂ ਦਿੱਲੀ ਨਾਲ ਮੁਕਾਬਲਤਨ ਘੱਟ ਕਾਰੋਬਾਰ ਕੀਤਾ ਹੈ।ਟਰੰਪ ਨੇ ਕਿਹਾ, ‘‘...ਉਨ੍ਹਾਂ (ਭਾਰਤ) ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਵੱਧ, ਅਤੇ ਉਨ੍ਹਾਂ ਕੋਲ ਕਿਸੇ ਵੀ ਦੇਸ਼ ਦੀਆਂ ਸਭ ਤੋਂ ਕਠਿਨ ਅਤੇ ਇਤਰਾਜਯੋਗ ਗੈਰ-ਮੁਦਰਾ ਵਪਾਰਕ ਰੁਕਾਵਟਾਂ ਹਨ।’’ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਬੰਦ ਕਰੇ, ਉਦੋਂ ਭਾਰਤ ਨੇ ‘ਹਮੇਸ਼ਾ ਰੂਸ ਤੋਂ ਫ਼ੌਜੀ ਉਪਕਰਨਾਂ ਦਾ ਵੱਡਾ ਹਿੱਸਾ ਖਰੀਦਿਆ ਹੈ ਅਤੇ ਚੀਨ ਦੇ ਨਾਲ-ਨਾਲ ਰੂਸ ਦਾ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਹੈ।’’ਇਸ ਤੋਂ ਪਹਿਲਾਂ ਦਿਨ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਕਿਹਾ ਕਿ ਭਾਰਤ ਅਮਰੀਕਾ ਨਾਲ ਇੱਕ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਿਹਾ ਹੈ ਜੋ ਨਵੀਂ ਦਿੱਲੀ ਦੇ ਹਿੱਤਾਂ ਦੀ ਪੂਰਤੀ ਕਰੇਗਾ। ਉਨ੍ਹਾਂ ਕਿਹਾ, ‘‘ਅਸੀਂ (ਅਮਰੀਕਾ ਨਾਲ) ਇੱਕ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਾਂ...ਸਾਡੇ ਦਿਲ ਵਿੱਚ ਰਾਸ਼ਟਰੀ ਹਿੱਤ ਹੈ। ਅਸੀਂ ਇੱਕ ਅਜਿਹੇ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਾਂ ਜੋ ਸਾਡੇ ਰਾਸ਼ਟਰੀ ਹਿੱਤ ਦੀ ਪੂਰਤੀ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਸਰਕਾਰ ਰਾਸ਼ਟਰੀ ਹਿੱਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।’’ਮੰਗਲਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਭਾਰਤ ਤੋਂ ਆਯਾਤ ’ਤੇ 20 ਤੋਂ 25 ਫ਼ੀਸਦੀ ਦੀ ਟੈਰਿਫ ਦਰ ਦਾ ਅਸਰ ਪੈ ਸਕਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਟਰੰਪ ਨੇ ਇਹ ਟਿੱਪਣੀਆਂ ਭਾਰਤ ਸਣੇ ਵੱਖ-ਵੱਖ ਵਪਾਰਕ ਭਾਈਵਾਲਾਂ ’ਤੇ ਦੋਤਰਫ਼ਾ ਟੈਰਿਫ ਲਾਗੂ ਕਰਨ ਲਈ 1 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਕੀਤੀਆਂ ਹਨ।