ਟਰੰਪ ਨੇ ਬ੍ਰਿਕਸ ਨੂੰ ਅਮਰੀਕੀ ਡਾਲਰ ’ਤੇ ‘ਹਮਲਾ’ ਕਰਾਰ ਦਿੱਤਾ
‘ਟੈਰਿਫਾਂ ਦੇ ਡਰ ਕਾਰਨ ਕੲੀ ਮੁਲਕ ਬ੍ਰਿਕਸ ’ਚ ਸ਼ਾਮਲ ਹੋਣ ਤੋਂ ਪਿੱਛੇ ਹਟੇ’
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਕਸ ਨੂੰ ਅਮਰੀਕੀ ਡਾਲਰ ’ਤੇ ‘ਹਮਲਾ’ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਬ੍ਰਿਕਸ ’ਚ ਸ਼ਾਮਿਲ ਹੋਣ ਦੇ ਇੱਛੁਕ ਮੁਲਕਾਂ ’ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਜਿਸ ਮਗਰੋਂ ਉਹ ਪਿੱਛੇ ਹਟ ਗਏ ਹਨ। ਬ੍ਰਿਕਸ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਹਨ। ਟਰੰਪ ਅਕਸਰ ਇਸ ਗਰੁੱਪ ’ਤੇ ਵਾਧੂ ਟੈਰਿਫ ਲਗਾਉਣ ਦੀ ਧਮਕੀ ਦਿੰਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬ੍ਰਿਕਸ ਦੀਆਂ ਨੀਤੀਆਂ ਪਸੰਦ ਨਹੀਂ ਜਿਨ੍ਹਾਂ ਨੂੰ ਉਹ ‘ਅਮਰੀਕਾ ਵਿਰੋਧੀ’ ਆਖਦੇ ਹਨ। ਬ੍ਰਿਕਸ ਮੁਲਕਾਂ ਨੇ ਉਨ੍ਹਾਂ ਇਕਪਾਸੜ ਟੈਰਿਫਾਂ ’ਤੇ ਚਿੰਤਾ ਜਤਾਈ ਹੈ ਜੋ ਵਪਾਰ ’ਚ ਅੜਿੱਕੇ ਬਣਦੇ ਹਨ। ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਇਲੀ ਨਾਲ ਦੁਵੱਲੀ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਡਾਲਰ ਨੂੰ ਲੈ ਕੇ ਉਨ੍ਹਾਂ ਦਾ ਰੁਖ਼ ਸਖ਼ਤ ਹੈ ਅਤੇ ਜੋ ਕੋਈ ਵੀ ਡਾਲਰ ’ਚ ਲੈਣ-ਦੇਣ ਕਰਨਾ ਚਾਹੁੰਦਾ ਹੈ, ਉਸ ਨੂੰ ਲਾਭ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਸੰਭਾਵੀ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਬ੍ਰਿਕਸ ’ਚ ਸ਼ਾਮਿਲ ਹੋਣਾ ਚਾਹੁਣਗੇ ਤਾਂ ਅਮਰੀਕਾ ਆਉਣ ਵਾਲੀਆਂ ਸਾਰੀਆਂ ਵਸਤਾਂ ’ਤੇ ਟੈਰਿਫ ਲਗਾ ਦਿੱਤਾ ਜਾਵੇਗਾ।