ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਨੇ ਪੂਤਿਨ ਤੇ ਜ਼ੇਲੈਂਸਕੀ ਦਰਮਿਆਨ ਮੀਟਿੰਗ ਦੀ ਤਿਆਰੀ ਵਿੱਢੀ

ਅਮਰੀਕਾ ਵੱਲੋਂ ਯੂਕਰੇਨ ਲੲੀ ਯੂਰਪੀ ਸੁਰੱਖਿਆ ਗਾਰੰਟੀ ਦੇ ਸਮਰਥਨ ਦਾ ਵਾਅਦਾ
ਮੀਟਿੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਤੇ ਯੂਰਪੀ ਦੇਸ਼ਾਂ ਦੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਖਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਦੇ ਆਗੂਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਰਮਿਆਨ ਆਹਮੋ-ਸਾਹਮਣੇ ਮੁਲਾਕਾਤ ਕਰਾਉਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਅਮਰੀਕਾ ਮੌਜੂਦਾ ਯੂਰਪੀ ਸੁਰੱਖਿਆ ਗਾਰੰਟੀ ਦਾ ਸਮਰਥਨ ਕਰੇਗਾ ਜਿਸ ਦਾ ਮਕਸਦ ਮੌਜੂਦਾ ਜੰਗ ਖਤਮ ਹੋਣ ਮਗਰੋਂ ਮਾਸਕੋ ਨੂੰ ਆਪਣੇ ਗੁਆਂਢੀ ਦੇਸ਼ ਯੂਕਰੇਨ ’ਤੇ ਮੁੜ ਹਮਲਾ ਕਰਨ ਤੋਂ ਰੋਕਣਾ ਹੈ। ਹਾਲਾਂਕਿ, ਸੁਰੱਖਿਆ ਗਾਰੰਟੀ ਅਤੇ ਸ਼ਾਂਤੀ ਵਾਰਤਾ ਯੋਜਨਾ ਸਬੰਧੀ ਫਿਲਹਾਲ ਉਨ੍ਹਾਂ ਨੇ ਵਿਸਥਾਰ ਵਿੱਚ ਕੁੱਝ ਨਹੀਂ ਦੱਸਿਆ।

‘ਵ੍ਹਾਈਟ ਹਾਊਸ’ (ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਤੇ ਦਫ਼ਤਰ) ਵਿੱਚ ਟਰੰਪ, ਜ਼ੇਲੈਂਸਕੀ ਅਤੇ ਹੋਰ ਯੂਰਪੀ ਆਗੂਆਂ ਦਰਮਿਆਨ ਸੋਮਵਾਰ ਨੂੰ ਲੰਬੀ ਮੀਟਿੰਗ ਹੋਈ। ਮੀਟਿੰਗ ਖ਼ਤਮ ਹੋਣ ’ਤੇ ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਟਰੰਪ ਭਿਆਨਕ ਯੁੱਧ ਨੂੰ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਸਕਦੇ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕਿਹਾ, ‘‘ਮੈਂ ਰਾਸ਼ਟਰਪਤੀ ਪੂਤਿਨ ਨੂੰ ਫ਼ੋਨ ਕੀਤਾ ਅਤੇ ਰਾਸ਼ਟਰਪਤੀ ਪੂਤਿਨ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਦਰਮਿਆਨ ਇੱਕ ਨਿਰਧਾਰਤ ਸਥਾਨ ’ਤੇ ਮੁਲਾਕਾਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ,’’ ਟਰੰਪ ਨੇ ਕਿਹਾ, ‘‘ਉਸ ਮੀਟਿੰਗ ਮਗਰੋਂ ਅਸੀਂ ਤਿੰਨੋਂ ਮੀਟਿੰਗ ਕਰਾਂਗੇ ਜਿਸ ਵਿੱਚ ਦੋਵੇਂ ਰਾਸ਼ਟਰਪਤੀ ਅਤੇ ਮੈਂ ਸ਼ਾਮਲ ਹੋਵਾਂਗਾ...।’’

Advertisement

 

ਟਰੰਪ ਨੇ ਯੂਰਪੀ ਆਗੂਆਂ ਨਾਲ ਮੀਟਿੰਗ ਰੋਕ ਕੇ ਪੂਤਿਨ ਨੂੰ ਕੀਤਾ ਫੋਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ (ਸਥਾਨਕ ਸਮੇਂ ਅਨੁਸਾਰ) ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਹੋਰ ਯੂਰਪੀ ਆਗੂਆਂ ਨਾਲ ਆਪਣੀ ਮੀਟਿੰਗ ਰੋਕ ਕੇ ਰੂਸ ਦੇ ਆਪਣੇ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਲਗਪਗ 40 ਮਿੰਟ ਗੱਲਬਾਤ ਕੀਤੀ। ਇਸ ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਸੀਐੱਨਐੱਨ ਨੂੰ ਇਹ ਜਾਣਕਾਰੀ ਦਿੱਤੀ। ਇੱਕ ਯੂਰਪੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਪੂਤਿਨ ਨੂੰ ਫੋਨ ਕਰਨ ਲਈ ਯੂਰਪੀ ਆਗੂਆਂ ਤੇ ਜ਼ੇਲੈਂਸਕੀ ਨਾਲ ਗੱਲਬਾਤ ਰੋਕ ਦਿੱਤੀ। ਇਹ ਖ਼ਬਰ ਸਭ ਤੋਂ ਪਹਿਲਾਂ ਜਰਮਨ ਅਖ਼ਬਾਰ ‘ਬਿਲਡ’ ਨੇ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਵ੍ਹਾਈਟ ਹਾਊਸ ਵਿੱਚ ਪੂਤਿਨ ਨਾਲ ਗੱਲਬਾਤ ਤੋਂ ਬਾਅਦ ਵੀ ਯੂਰਪੀ ਆਗੂਆਂ ਨਾਲ ਗੱਲਬਾਤ ਜਾਰੀ ਰਹੇਗੀ। ਪੂਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਊਸ਼ਾਕੋਵ ਨੇ ਕਿਹਾ ਕਿ ਲਗਪਗ 40 ਮਿੰਟ ਦੀ ਗੱਲਬਾਤ ਦੌਰਾਨ ਟਰੰਪ ਨੇ ਪੂਤਿਨ ਨੂੰ ਯੂਰੋਪੀ ਆਗੂਆਂ ਨਾਲ ਆਪਣੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। -ਏਐੱਨਆਈ

 

ਜ਼ੇਲੈਂੇਂਸਕੀ ਵੱਲੋਂ ਮੇਲਾਨੀਆ ਟਰੰਪ ਦਾ ਧੰਨਵਾਦ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਲਿਖੇ ‘ਸ਼ਾਂਤੀ ਪੱਤਰ’ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਪੱਤਰ ਵਿੱਚ ਯੂਕਰੇਨੀ ਬੱਚਿਆਂ ਦੇ ਅਗਵਾ ਦਾ ਮੁੱਦਾ ਚੁੱਕਿਆ ਸੀ। ਜ਼ੇਲੈਂਸਕੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਜੰਗੀ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਕਰਨ ਲਈ ਕੰਮ ਕਰਨਗੇ। ਇਸ ਦੌਰਾਨ ਜ਼ੇਲੈਂਸਕੀ ਨੇ ਯੂਕਰੇਨ ਵੱਲੋਂ ਸੁਰੱਖਿਆ ਗਾਰੰਟੀ ਦੇ ਹਿੱਸੇ ਵਜੋਂ ਯੂਰਪੀ ਫੰਡਿੰਗ ਰਾਹੀਂ 90 ਅਰਬ ਅਮਰੀਕੀ ਡਾਲਰ ਦੇ ਅਮਰੀਕੀ ਹਥਿਆਰ ਖ਼ਰੀਦਣ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ। -ਏਐਨਆਈ

 

ਟਰੰਪ ਵੱਲੋਂ ਮੁੜ ਭਾਰਤ-ਪਾਕਿ ਜੰਗ ਰੋਕਣ ਦਾ ਦਾਅਵਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਆਪਣੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਰੁਕਵਾਈ ਹੈ। ਇੱਥੇ ਓਵਲ ਆਫਿਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਸਮੇਤ ਛੇ ਜੰਗਾਂ ਰੁਕਵਾਈਆਂ ਹਨ। ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵੀ ਮੌਜੂਦ ਸਨ। -ਪੀਟੀਆਈ

Advertisement