ਟਰੰਪ ਦਾ ਐਲਾਨ ਪਾਕਿਸਤਾਨ ’ਚ ਤੇਲ ਭੰਡਾਰ ਵਿਕਸਤ ਕਰੇਗਾ ਅਮਰੀਕਾ, ਕਿਹਾ...ਸ਼ਾਇਦ ਇਕ ਦਿਨ ਭਾਰਤ ਨੂੰ ਤੇਲ ਵੇਚੇ ਪਾਕਿਸਤਾਨ
US Trade Agreement: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ 25 ਫੀਸਦ ਟੈਰਿਫ਼ ਤੇ ਵਾਧੂ ਜੁਰਮਾਨਾ ਲਾਉਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਇਕ ਵੱਡੇ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਸਮਝੌਤੇ ਤਹਿਤ ਅਮਰੀਕਾ ਤੇ ਪਾਕਿਸਤਾਨ ਮਿਲ ਕੇ ਪਾਕਿਸਤਾਨ ਦੇ ਵੱਡੇ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ। ਟਰੰਪ ਨੇ ਇਹ ਵੀ ਕਿਹਾ ਕਿ ‘ਸ਼ਾਇਦ ਇਕ ਦਿਨ’ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਸਕਦਾ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁਥ ਸੋਸ਼ਲ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਪਾਕਿਸਤਾਨ ਨਾਲ ਇਕ ਸਮਝੌਤਾ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਤੇ ਅਮਰੀਕਾ ਮਿਲ ਕੇ ਉਸ ਦੇ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ। ਅਸੀਂ ਇਸ ਭਾਈਵਾਲੀ ਲਈ ਇਕ ਤੇਲ ਕੰਪਨੀ ਦੀ ਚੋਣ ਕਰ ਸਕਦੇ ਹਾਂ। ਕੀ ਪਤਾ, ਸ਼ਾਇਦ ਇਕ ਦਿਨ ਉਹ ਭਾਰਤ ਨੂੰ ਤੇਜ ਵੇਚਣਗੇ!’’ ਅਮਰੀਕੀ ਸਦਰ ਦਾ ਇਹ ਬਿਆਨ ਭਾਰਤ ’ਤੇ 1 ਅਗਸਤ ਤੋਂ 25 ਫੀਸਦ ਟੈਕਸ ਤੇ ਵਾਧੂ ਜੁਰਮਾਨਾ ਲਾਉਣ ਦੇ ਐਲਾਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਭਾਰਤ ਦੇ ਅਮਰੀਕਾ ਨਾਲ ਵਪਾਰ ਘਾਟੇ ਤੇ ਰੂਸ ਤੋਂ ਤੇਲ ਖਰੀਦ ਨੂੰ ਕਾਰਨ ਦੱਸਿਆ ਗਿਆ ਹੈ।
ਟਰੰਪ ਨੇ ਆਪਣੀ ਪੋਸਟ ਵਿਚ ਇਹ ਵੀ ਦੱਸਿਆ ਕਿ ਉਨ੍ਹਾਂ ਕੋਈ ਮੁਲਕਾਂ ਦੇ ਆਗੂਆਂ ਨਾਲ ਵਪਾਰ ਸਮਝੌਤੇ ’ਤੇ ਚਰਚਾ ਕੀਤੀ ਹੈ, ਜੋ ਅਮਰੀਕਾ ਨੂੰ ‘ਬੇਹੱਦ ਖ਼ੁਸ਼’ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਅੱਜ ਵ੍ਹਾਈਟ ਹਾਊਸ ਵਿਚ ਵਪਾਰ ਸਮਝੌਤਿਆਂ ਨੂੰ ਲੈ ਕੇ ਬਹੁਤ ਰੁੱਝੇ ਹੋਏ ਹਾਂ। ਮੈਂ ਕਈ ਮੁਲਕਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ, ਜੋ ਸਾਰੇ ਅਮਰੀਕਾ ਨੂੰ ਬਹੁਤ ਖ਼ੁਸ਼ ਕਰਨਾ ਚਾਹੁੰਦੇ ਹਨ। ਮੈਂ ਅੱਜ ਦੁਪਹਿਰ ਨੂੰ ਦੱਖਣ ਕੋਰਿਆਈ ਵਪਾਰ ਵਫ਼ਦ ਨੂੰ ਮਿਲਾਂਗਾ। ਦੱਖਣੀ ਕੋਰੀਆ ’ਤੇ ਹੁਣ 25% ਟੈਰਿਫ਼ ਹੈ, ਪਰ ਉਨ੍ਹਾਂ ਟੈਰਿਫ ਘੱਟ ਕਰਨ ਦੀ ਤਜਵੀਜ਼ ਦਿੱਤੀ ਹੈ। ਮੈਂ ਉਨ੍ਹਾਂ ਦੀ ਤਜਵੀਜ਼ ਨੂੰ ਸੁਣਨ ਲਈ ਬੇਕਰਾਰ ਹਾਂ।’’
ਟਰੰਪ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਈ ਮੁਲਕ ਅਮਰੀਕਾ ਨੂੰ ਟੈਰਿਫ਼ ਵਿਚ ਕਟੌਤੀ ਲਈ ਤਜਵੀਜ਼ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਹੋਰ ਮੁਲਕ ਵਿਚ ਟੈਰਿਫ਼ ਵਿਚ ਕਟੌਤੀ ਲਈ ਤਜਵੀਜ਼ ਦੇ ਰਹੇ ਹਨ। ਇਹ ਸਾਡੇ ਵਪਾਰ ਘਾਟੇ ਨੂੰ ਵੱਡੇ ਪੱਧਰ ’ਤੇ ਘੱਟ ਕਰਨ ਵਿਚ ਮਦਦਗਾਰ ਹੋਵੇਗਾ। ਵਾਜਬ ਸਮੇਂ ’ਤੇ ਪੂਰੀ ਰਿਪੋਰਟ ਜਾਰੀ ਕੀਤੀ ਜਾਵੇਗੀ। ਇਸ ਮਾਮਲੇ ’ਤੇ ਧਿਆਨ ਦੇਣ ਲਈ ਧੰਨਵਾਦ। ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਵਾਂਗੇ!’’