Trump announces 30% tariff on Mexico: ਟਰੰਪ ਵੱਲੋਂ ਮੈਕਸਿਕੋ ਤੇ ਯੂਰਪੀਅਨ ਯੂਨੀਅਨ ’ਤੇ 30 ਫੀਸਦੀ ਟੈਕਸ ਲਗਾਉਣ ਦਾ ਐਲਾਨ
ਵਾਸ਼ਿੰਗਟਨ, 12 ਜੁਲਾਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਪਹਿਲੀ ਅਗਸਤ ਤੋਂ ਮੈਕਸਿਕੋ ਤੇ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਸਾਮਾਨ ’ਤੇ ਅਮਰੀਕਾ 30% ਟੈਕਸ ਲਾਵੇਗਾ। ਡੋਨਾਲਡ ਟਰੰਪ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕਰ ਕੇ ਟੈਕਸ ਲਾਉਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਪਹਿਲਾਂ ਵੀ ਟਰੰਪ ਵੱਖ ਵੱਖ ਦੇਸ਼ਾਂ ’ਤੇ ਟੈਕਸ ਲਾਉਣ ਦਾ ਐਲਾਨ ਕਰ ਚੁੱਕੇ ਹਨ। ਟਰੰਪ ਨੇ ਇਕ ਦਿਨ ਪਹਿਲਾਂ ਦੱਸਿਆ ਸੀ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ’ਤੇ ਟੈਕਸ 35 ਫੀਸਦੀ ਤੱਕ ਵਧਾਉਣਗੇ। ਇਸ ਤੋਂ ਪਹਿਲਾਂ ਟਰੰਪ ਵੱਲੋਂ ਫਰਵਰੀ ਵਿੱਚ 25 ਫੀਸਦੀ ਟੈਕਸ ਐਲਾਨਿਆ ਗਿਆ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਾਰ ਦਿਨ ਪਹਿਲਾਂ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫੀਸਦ ਟੈਕਸ ਲਗਾਉਣ ਦੇ ਨਾਲ-ਨਾਲ ਇੱਕ ਦਰਜਨ ਹੋਰ ਮੁਲਕਾਂ ’ਤੇ ਨਵੀਆਂ ਟੈਕਸ ਦਰਾਂ ਲਗਾਉਣ ਦਾ ਐਲਾਨ ਕੀਤਾ ਸੀ ਜੋ 1 ਅਗਸਤ ਤੋਂ ਅਮਲ ਵਿਚ ਆਉਣਗੀਆਂ। ਟਰੰਪ ਨੇ ਟਰੂਥ ਸੋਸ਼ਲ ’ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ ਸੰਬੋਧਤ ਪੱਤਰ ਪੋਸਟ ਕਰਕੇ ਨੋਟਿਸ ਦਿੱਤਾ ਸੀ। ਰਾਇਟਰਜ਼