ਟਰੰਪ ਵੱਲੋਂ 1 ਅਕਤੂਬਰ ਤੋਂ ਦਰਾਮਦ ਫਾਰਮਾਸਿਊਟੀਕਲਜ਼ ’ਤੇ 100 ਫੀਸਦ ਟੈਰਿਫ਼ ਲਾਉਣ ਦਾ ਐਲਾਨ
ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ, ਰਾਸ਼ਟਰਪਤੀ ਟਰੰਪ ਨੇ ਲਿਖਿਆ, ‘‘1 ਅਕਤੂਬਰ, 2025 ਤੋਂ, ਅਸੀਂ ਕਿਸੇ ਵੀ ਬ੍ਰਾਂਡਿਡ ਜਾਂ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ 'ਤੇ 100% ਟੈਰਿਫ ਲਗਾਵਾਂਗੇ, ਬਸ਼ਰਤੇ ਕੋਈ ਕੰਪਨੀ ਅਮਰੀਕਾ ਵਿੱਚ ਆਪਣਾ ਫਾਰਮਾਸਿਊਟੀਕਲ ਉਤਪਾਦਨ ਪਲਾਂਟ ਨਹੀਂ ਬਣਾ ਲੈਂਦੀ। 'IS BUILDING' ਨੂੰ ‘ਬ੍ਰੇਕਿੰਗ ਗਰਾਊਂਡ' ਅਤੇ/ਜਾਂ 'ਨਿਰਮਾਣ ਅਧੀਨ' ਵਜੋਂ ਪਰਿਭਾਸ਼ਿਤ ਕੀਤਾ ਜਾਵੇਗਾ।’’ ਟਰੰਪ ਨੇ ਕਿਹਾ ਕਿ ਫਾਰਮਾਸਿਊਟੀਕਲ ਟੈਰਿਫ ਉਨ੍ਹਾਂ ਕੰਪਨੀਆਂ ’ਤੇ ਲਾਗੂ ਨਹੀਂ ਹੋਣਗੇ ਜੋ ਅਮਰੀਕਾ ਵਿੱਚ ਨਿਰਮਾਣ ਪਲਾਂਟ ਬਣਾ ਰਹੀਆਂ ਹਨ, ਜਿਸ ਨੂੰ ਉਸ ਨੇ "ਬ੍ਰੇਕਿੰਗ ਗਰਾਊਂਡ" ਜਾਂ "ਉਸਾਰੀ ਅਧੀਨ" ਵਜੋਂ ਪਰਿਭਾਸ਼ਿਤ ਕੀਤਾ ਹੈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਟੈਰਿਫ ਉਨ੍ਹਾਂ ਕੰਪਨੀਆਂ ’ਤੇ ਕਿਵੇਂ ਲਾਗੂ ਹੋਣਗੇ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਵਿੱਚ ਫੈਕਟਰੀਆਂ ਹਨ। ਜਨਗਣਨਾ ਬਿਊਰੋ ਅਨੁਸਾਰ, 2024 ਵਿੱਚ, ਅਮਰੀਕਾ ਨੇ ਲਗਪਗ 233 ਬਿਲੀਅਨ ਡਾਲਰ ਦੇ ਫਾਰਮਾਸਿਊਟੀਕਲ ਅਤੇ ਚਕਿਤਸਕ ਉਤਪਾਦਾਂ ਦੀ ਦਰਾਮਦ ਕੀਤੀ। ਕੁਝ ਦਵਾਈਆਂ ਦੀਆਂ ਕੀਮਤਾਂ ਦੁੱਗਣੀਆਂ ਹੋਣ ਦੀ ਸੰਭਾਵਨਾ ਵੋਟਰਾਂ ਨੂੰ ਹੈਰਾਨ ਕਰ ਸਕਦੀ ਹੈ ਕਿਉਂਕਿ ਸਿਹਤ ਸੰਭਾਲ ਖਰਚੇ, ਨਾਲ ਹੀ ਮੈਡੀਕੇਅਰ ਅਤੇ ਮੈਡੀਕਏਡ ਦੀਆਂ ਲਾਗਤਾਂ ਸੰਭਾਵੀ ਤੌਰ ’ਤੇ ਵਧ ਸਕਦੀਆਂ ਹਨ।
ਟਰੰਪ ਵੱਲੋਂ ਫਾਰਮਾਸਿਊਟੀਕਲ ਦਵਾਈਆਂ ’ਤੇ 100 ਫੀਸਦ ਟੈਰਿਫ ਲਾਉਣ ਦਾ ਐਲਾਨ ਹੈਰਾਨ ਕਰਨ ਵਾਲਾ ਹੈ ਕਿਉਂਕਿ ਟਰੰਪ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਟੈਰਿਫ ਸਮੇਂ ਦੇ ਨਾਲ ਪੜਾਅਵਾਰ ਘਟਾਏ ਜਾਣਗੇ ਤਾਂ ਜੋ ਕੰਪਨੀਆਂ ਕੋਲ ਫੈਕਟਰੀਆਂ ਬਣਾਉਣ ਅਤੇ ਉਤਪਾਦਨ ਨੂੰ ਤਬਦੀਲ ਕਰਨ ਦਾ ਸਮਾਂ ਹੋਵੇ। ਅਗਸਤ ਵਿੱਚ ਸੀਐਨਬੀਸੀ ’ਤੇ ਟਰੰਪ ਨੇ ਕਿਹਾ ਸੀ ਕਿ ਉਹ ਫਾਰਮਾਸਿਊਟੀਕਲ ’ਤੇ ‘ਛੋਟਾ ਟੈਰਿਫ’ ਲਗਾ ਕੇ ਸ਼ੁਰੂਆਤ ਕਰਨਗੇ ਅਤੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਵਿੱਚ ਦਰ ਨੂੰ 150 ਪ੍ਰਤੀਸ਼ਤ ਅਤੇ ਇੱਥੋਂ ਤੱਕ ਕਿ 250 ਪ੍ਰਤੀਸ਼ਤ ਤੱਕ ਵਧਾ ਦੇਣਗੇ।
ਵ੍ਹਾਈਟ ਹਾਊਸ ਅਨੁਸਾਰ, ਇਸ ਸਾਲ ਦੇ ਸ਼ੁਰੂ ਵਿੱਚ ਟੈਰਿਫ ਦੇ ਖ਼ਤਰੇ ਨੇ ਕਈ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਜਿਵੇਂ ਜੌਨਸਨ ਐਂਡ ਜੌਨਸਨ, ਐਸਟਰਾਜ਼ੈਨੇਕਾ, ਰੋਸ਼, ਬ੍ਰਿਸਟਲ ਮਾਇਰਸ ਸਕੁਇਬ ਅਤੇ ਏਲੀ ਲਿਲੀ ਨੂੰ ਅਮਰੀਕੀ ਉਤਪਾਦਨ ਵਿੱਚ ਨਿਵੇਸ਼ ਦਾ ਐਲਾਨ ਕਰਨ ਲਈ ਮਜਬੂਰ ਕੀਤਾ।