DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trudeau government in crisis: ਉਪ ਪ੍ਰਧਾਨ ਮੰਤਰੀ ਫ੍ਰੀਲੈਂਡ ਦੇ ਅਸਤੀਫ਼ੇ ਨਾਲ ਕੈਨੇਡਾ ’ਚ ਸਿਆਸੀ ਹੱਲਚੱਲ ਤੇਜ਼

ਘੱਟਗਿਣਤੀ ਟਰੂਡੋ ਸਰਕਾਰ ਸੰਕਟ ’ਚ ਘਿਰੀ; ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫ੍ਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕੀ
  • fb
  • twitter
  • whatsapp
  • whatsapp
featured-img featured-img
ਜਸਟਿਨ ਟਰੂਡੋ ਤੇ ਕ੍ਰਿਸਟੀਆ ਫ੍ਰੀਲੈਂਡ ਦੀ ਪੁਰਾਣੀ ਤਸਵੀਰ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 17 ਦਸੰਬਰ

Advertisement

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨੇੜਲਿਆਂ ’ਚੋਂ ਇਕ ਮੰਨਿਆ ਜਾਂਦਾ ਸੀ, ਵਲੋਂ ਲੰਘੇ ਦਿਨ ਚਾਣਚੱਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਪੈਦਾ ਹੋਏ ਇਸ ਸੰਕਟ ਨਾਲ ਦੇਸ਼ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਬਣਨ ਲੱਗੇ ਹਨ। ਵਿੱਤ ਮੰਤਰੀ ਦੇ ਲੰਘੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦੇ ਐਲਾਨ ਨੇ ਜਸਟਿਨ ਟਰੂਡੋ ਸਰਕਾਰ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਬੇਸ਼ੱਕ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫ੍ਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ, ਪਰ ਟਰੂਡੋ ਸਰਕਾਰ ਅਤੇ ਦੇਸ਼ ਦੇ ਭਵਿੱਖ ਦੀ ਹੋ ਰਹੀ ਚਰਚਾ ’ਚ ਫਰਕ ਨਾ ਪਿਆ।

ਜਸਟਿਨ ਟਰੂਡੋ ਤੇ ਫ੍ਰੀਲੈਂਡ ਵਿਚਾਲੇ ਖਟਾਸ ਦੀਆਂ ਕਨਸੋਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ, ਪਰ ਅਚਾਨਕ ਅਸਤੀਫਾ ਦੇਣ ਦਾ ਕਾਰਨ ਸਰਕਾਰ ਕੋਲ ਵਿੱਤੀ ਪ੍ਰਬੰਧਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਪੱਤਝੜ ਰੁੱਤ ਦੇ ਪਾਰਲੀਮੈਂਟ ਸੈਸ਼ਨ ਵਿੱਚ ਸੋਮਵਾਰ ਨੂੰ ਦਿੱਤੀ ਜਾਣ ਵਾਲੀ ਤਾਜ਼ਾ ਵਿੱਤੀ ਜਾਣਕਾਰੀ ਵਿੱਚ ਇਸ 250 ਵਾਲੇ ਫੰਡ (ਵਾਅਦੇ) ਦਾ ਕੋਈ ਜ਼ਿਕਰ ਨਹੀਂ ਸੀ, ਕਿਉਂਕਿ ਬਜਟ ਘਾਟਾ ਪਹਿਲਾਂ ਹੀ 62 ਬਿਲੀਅਨ ’ਤੇ ਪਹੁੰਚ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਘੱਟਗਿਣਤੀ ਸਰਕਾਰ ਕੋਲ ਇਸ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿੱਚ ਕਿਸੇ ਹੋਰ ਪਾਰਟੀ ਦਾ ਸਮਰਥਨ ਵੀ ਨਹੀਂ ਸੀ। ਕੁਝ ਮਹੀਨਿਆਂ ਤੋਂ ਸਰਕਾਰ ਨੂੰ ਉਹ ਖਰਚੇ ਵੀ ਝੱਲਣੇ ਪੈ ਰਹੇ ਹਨ, ਜਿਨ੍ਹਾਂ ਦਾ ਚਿੱਤ ਚੇਤਾ ਵੀ ਨਹੀਂ ਸੀ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 25 ਫੀਸਦ ਟੈਰਿਫ ਤੇ ਸਰਹੱਦੀ ਸੁਰੱਖਿਆ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਕੈਨੇਡਾ ਨੂੰ ਸੀਮਾ ਸੁਰੱਖਿਆ ਦੀ ਮਜ਼ਬੂਤੀ ਲਈ ਆਧੁਨਿਕ ਸਮੱਗਰੀ ਅਤੇ ਨਫਰੀ ਵਾਧੇ ਲਈ ਅਚਾਨਕ ਇੱਕ ਅਰਬ ਡਾਲਰ ਤੋਂ ਵੱਧ ਦਾ ਪ੍ਰਬੰਧ ਕਰਨਾ ਪਿਆ ਹੈ।

ਇਸ ਦੌਰਾਨ ਇੱਕ ਇਤਬਾਰੀ ਸੰਸਥਾ ਵੱਲੋਂ ਕਰਵਾਏ ਸਰਵੇਖਣ ਵਿੱਚ 77 ਫੀਸਦ ਕੈਨੇਡਿਆਈ ਲੋਕਾਂ ਨੇ ਫੌਰੀ ਚੋਣਾਂ ਕਰਵਾ ਕੇ ਦੇਸ਼ ਦੀ ਸੱਤਾ ਹੋਰ ਪਾਰਟੀ ਹੱਥ ਸੌਂਪਣ ਦੀ ਰਾਇ ਜ਼ਾਹਿਰ ਕੀਤੀ ਹੈ। ਇਸੇ ਸੰਸਥਾ ਵੱਲੋਂ ਸਤੰਬਰ ਵਿਚ ਕਰਵਾਏ ਸਰਵੇਖਣ ਵਿੱਚ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ 5 ਫੀਸਦ ਦੇ ਖੋਰੇ ਨਾਲ 21 ਫੀਸਦ ਰਹਿ ਗਈ ਸੀ, ਜਦ ਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਪ੍ਰਧਾਨ ਮੰਤਰੀ ਵਜੋਂ ਲੋਕਪ੍ਰਿਅਤਾ 77 ਫੀਸਦ ’ਤੇ ਜਾ ਪਹੁੰਚੀ ਹੈ।

Advertisement
×