DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੂਡੋ ਨੇ ਭਾਰਤ ’ਤੇ ਲਾਏ ਆਪਣੇ ਡਿਪਲੋਮੈਟਾਂ ਰਾਹੀਂ ਕੈਨੇਡੀਅਨਾਂ ਉਤੇ ਹਮਲੇ ਕਰਾਉਣ ਦੇ ਦੋਸ਼

ਭਾਰਤ ਆਪਣੇ ਡਿਪਲੋਮੈਟਾਂ ਤੇ ਜਥੇਬੰਦ ਜੁਰਮਾਂ ਰਾਹੀਂ ਕੈਨੇਡਾ ਵਿਚ ਕਤਲ ਤੱਕ ਕਰਵਾ ਰਿਹੈ: ਟਰੂਡੋ; ਭਾਰਤ ਪਹਿਲਾਂ ਹੀ ਕਰ ਚੁੱਕਾ ਹੈ ਸਾਰੇ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ
  • fb
  • twitter
  • whatsapp
  • whatsapp
featured-img featured-img
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
Advertisement

ਵਾਸ਼ਿੰਗਟਨ, 15 ਅਕਤੂਬਰ

India-Canada diplomatic tensions: ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ (ਨੂੰ ਅੰਜਾਮ ਦੇਣ ਵਾਲਿਆਂ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਵੀਂ ਦਿੱਲੀ ਦੀ ‘ਭਾਰੀ ਗ਼ਲਤੀ’ ਕਰਾਰ ਦਿੱਤਾ ਹੈ।

Advertisement

ਟਰੂਡੋ ਨੇ ਇਹ ਟਿੱਪਣੀਆਂ ਸੋਮਵਾਰ ਨੂੰ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਨਾਲ ਹੀ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ‘ਨਿਸ਼ਾਨਾ ਬਣਾਏ ਗਏ’ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੀ ਜਾਂਚ ਨਾਲ ਭਾਰਤੀ ਸਫ਼ੀਰਾਂ ਦਾ ਨਾਂ ਜੋੜਦਿਆਂ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿਚੋਂ ਬਰਤਰਫ਼ ਕਰ ਦਿੱਤਾ ਸੀ।

ਗ਼ੌਰਲਤਬ ਹੈ ਕਿ ਭਾਰਤ ਲਗਾਤਾਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਕੈਨੇਡਾ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਆ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਸਾਲ ਸਤੰਬਰ ਵਿਚ ਨਿੱਝਰ ਦੇ ਕਤਲ ਕੇਸ ਵਿਚ ਭਾਰਤੀ ਏਜੰਟਾਂ ਦੀ ‘ਸੰਭਵ’ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਬਣਿਆ ਹੋਇਆ ਹੈ।

ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (Royal Canadian Mounted Police - RCMP) ਨੇ ਬੀਤੇ ਦਿਨੀਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ‘ਵੱਡੇ ਪੱਧਰ ’ਤੇ ਹਿੰਸਾ’ ਫੈਲਾਉਣ ਵਿਚ ਸ਼ਾਮਲ ਹਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਆਰਸੀਐੱਮਪੀ ਨੇ ਕਿਹਾ ਸੀ ਕਿ ਇਸ ਨਾਲ ‘ਕੈਨੇਡਾ ਵਿਚ ਜਨਤਕ ਸੁਰੱਖਿਆ ਲਈ ਭਾਰੀ ਖ਼ਤਰਾ’ ਪੈਦਾ ਹੁੰਦਾ ਹੈ।

ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਮੇਰਾ ਵਿਸ਼ਵਾਸ ਹੈ ਕਿ ਭਾਰਤ ਨੇ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਅਪਰਾਧੀਆਂ ਦੀ ਚੋਣ, ਕੈਨੇਡੀਅਨਾਂ ਉਤੇ ਹਮਲੇ ਕਰਨ ਅਤੇ ਉਨ੍ਹਾਂ ਨੂੰ ਇਥੇ (ਉਨ੍ਹਾਂ ਦੇ) ਘਰ ਵਿਚ ਹੀ ਅਸੁਰੱਖਿਅਤ ਮਹਿਸੂਸ ਕਰਾਉਣ, ਅਤੇ ਇੰਨਾ ਹੀ ਨਹੀਂ ਸਗੋਂ ਹਿੰਸਕ ਕਾਰਵਾਈਆਂ ਤੇ ਕਤਲ ਤੱਕ ਕਰਨ ਲਈ ਕਰ ਕੇ ਮਿਸਾਲੀ ਗ਼ਲਤੀ ਕੀਤੀ ਹੈ। ਅਜਿਹਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’’

ਕੈਨੇਡੀਅਨ ਪੁਲੀਸ ਨੇ ਬਿਸ਼ਨੋਈ ਗੈਂਗ ਦਾ ਵੀ ਲਿਆ ਨਾਂ

ਓਟਵਾ: ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਇਲਾਜ਼ਾਮ ਲਾਏ ਹਨ ਕਿ ਭਾਰਤ ਸਰਕਾਰ ਦੇ ‘ਏਜੰਟਾਂ’ ਦੇ ਕੈਨੇਡਾ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਖ਼ਾਸਕਰ ‘ਖ਼ਾਲਿਸਤਾਨ ਪੱਖੀ ਅਨਸਰਾਂ’ ਉਤੇ ਹਮਲੇ ਕਰਨ ਵਾਲੇ ਬਿਸ਼ਨੋਈ ਗੈਂਗ ਨਾਲ ਸਬੰਧ ਹਨ। ਇਹ ਟਿੱਪਣੀਆਂ ਆਰਸੀਐੱਮਪੀ ਦੇ ਕਮਿਸ਼ਨਰ ਮਾਈਕ ਡੂਹੈਨ (Mike Duhene) ਅਤੇ ਉਨ੍ਹਾਂ ਦੀ ਦੂਜੇ ਨੰਬਰ ਦੀ ਅਧਿਕਾਰੀ ਬ੍ਰੀਜਿਤ ਗੌਵਿਨ (Brigitte Gauvin) ਨੇ ਸੋਮਵਾਰ ਨੂੰ ਓਟਵਾ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਤੀਆਂ ਹਨ।

ਉਨ੍ਹਾਂ ਦੋਸ਼ ਲਾਇਆ ਕਿਹਾ, ‘‘ਭਾਰਤ ਵੱਲੋਂ ਕੈਨੇਡਾ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ... ਪਰ ਉਹ ਖ਼ਾਸ ਤੌਰ ’ਤੇ ਕੈਨੇਡਾ ਵਿਚਲੇ ਖ਼ਾਲਿਸਤਾਨ ਪੱਖੀ ਅਨਸਰਾਂ ਤੇ ਖ਼ਾਲਿਸਤਾਨੀ ਲਹਿਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।’’ ਬੀਬੀ ਗੌਵਿਨ ਨੇ ਕਿਹਾ, ‘‘ਅਸੀਂ ਜੋ ਆਰਸੀਐੱਮਪੀ ਦੇ ਨਜ਼ਰੀਏ ਤੋਂ ਦੇਖਿਆ, ਉਹ ਇਹ ਹੈ ਕਿ ਉਹ ਜਥੇਬੰਦਕ ਜੁਰਮਾਂ ਨਾਲ ਸਬੰਧਤ ਅਨਸਰਾਂ ਦਾ ਇਸਤੇਮਾਲ ਕਰਦੇ ਹਨ।’’ -ਪੀਟੀਆਈ

Advertisement
×