ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਟਰੰਪ ਦੇ ਭਾਰਤ ’ਤੇ 50 ਫੀਸਦ ਟੈਰਿਫ ਨੂੰ ਖਤਮ ਕਰਨ ਦੀ ਮੰਗ

ਡੇਬੋਰਾ ਰੌਸ, Marc Veasey ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਉਪਾਵਾਂ ਨੂੰ ‘ਗੈਰ-ਕਾਨੂੰਨੀ’ ਅਤੇ ਅਮਰੀਕੀ ਕਾਮਿਆਂ, ਖਪਤਕਾਰਾਂ ਅਤੇ ਦੁਵੱਲੇ ਸਬੰਧਾਂ ਲਈ ਨੁਕਸਾਨਦੇਹ ਦੱਸਿਆ
Advertisement

ਅਮਰੀਕੀ ਪ੍ਰਤੀਨਿਧੀ ਸਭਾ ਦੇ ਤਿੰਨ ਮੈਂਬਰਾਂ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੌਮੀ ਐਮਰਜੈਂਸੀ ਐਲਾਨ ਨੂੰ ਖਤਮ ਕਰਨ ਸਬੰਧੀ ਮਤਾ ਪੇਸ਼ ਕੀਤਾ, ਜਿਸ ਵਿੱਚ ਭਾਰਤ ਤੋਂ ਦਰਾਮਦ ਵਸਤਾਂ ’ਤੇ 50 ਫੀਸਦ ਤੱਕ ਦੇ ਟੈਰਿਫ ਲਗਾਏ ਗਏ ਸਨ। ਇਨ੍ਹਾਂ ਮੈਂਬਰਾਂ ਨੇ ਉਪਾਵਾਂ ਨੂੰ ‘ਗੈਰ-ਕਾਨੂੰਨੀ’ ਅਤੇ ਅਮਰੀਕੀ ਕਾਮਿਆਂ, ਖਪਤਕਾਰਾਂ ਅਤੇ ਦੁਵੱਲੇ ਸਬੰਧਾਂ ਲਈ ਨੁਕਸਾਨਦੇਹ ਦੱਸਿਆ।

ਪ੍ਰਤੀਨਿਧੀ ਡੇਬੋਰਾ ਰੌਸ, Marc Veasey ਅਤੇ ਰਾਜਾ ਕ੍ਰਿਸ਼ਨਾਮੂਰਤੀ ਵੱਲੋਂ ਪੇਸ਼ ਕੀਤਾ ਗਿਆ ਇਹ ਮਤਾ ਬ੍ਰਾਜ਼ੀਲ ’ਤੇ ਇਸੇ ਤਰ੍ਹਾਂ ਦੇ ਟੈਰਿਫਾਂ ਨੂੰ ਖਤਮ ਕਰਨ ਅਤੇ ਦਰਾਮਦ ਡਿਊਟੀਆਂ ਵਧਾਉਣ ਲਈ ਰਾਸ਼ਟਰਪਤੀ ਦੀ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਲਈ ਸੈਨੇਟ ਦੀ ਦੁਵੱਲੀ ਪੇਸ਼ਕਦਮੀ ਤੋਂ ਬਾਅਦ ਆਇਆ ਹੈ।

Advertisement

ਰਿਲੀਜ਼ ਅਨੁਸਾਰ ਇਹ ਮਤਾ 27 ਅਗਸਤ, 2025 ਨੂੰ ਭਾਰਤ ’ਤੇ ਲਗਾਏ ਗਏ ਵਾਧੂ 25 ਫੀਸਦ ਸੈਕੰਡਰੀ ਟੈਕਸ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ, ਜੋ ਪਹਿਲਾਂ ਲਗਾਏ ਪਰਸਪਰ ਟੈਰਿਫ਼ ਤੋਂ ਵੱਖਰਾ ਸੀ ਤੇ ਜਿਨ੍ਹਾਂ ਨੇ ਮਿਲ ਕੇ ਕੌਮਾਂਤਰੀ ਐਮਰਜੈਂਸੀ ਪਾਵਰਜ਼ ਐਕਟ (IEEPA) ਤਹਿਤ ਕਈ ਭਾਰਤੀ ਮੂਲ ਦੇ ਉਤਪਾਦਾਂ ’ਤੇ ਟੈਕਸ ਨੂੰ 50 ਫੀਸਦ ਤੱਕ ਵਧਾ ਦਿੱਤਾ ਸੀ।

ਸਦਨ ਦੀ ਮੈਂਬਰ ਰੌਸ ਨੇ ਕਿਹਾ, ‘‘ਉੱਤਰੀ ਕੈਰੋਲੀਨਾ ਦਾ ਅਰਥਚਾਰਾ ਵਪਾਰ, ਨਿਵੇਸ਼ ਅਤੇ ਇੱਕ ਜੀਵੰਤ ਭਾਰਤੀ ਅਮਰੀਕੀ ਭਾਈਚਾਰੇ ਰਾਹੀਂ ਭਾਰਤ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ।’’ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਕੰਪਨੀਆਂ ਨੇ ਰਾਜ ਵਿੱਚ ਇੱਕ ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਜੀਵਨ ਵਿਗਿਆਨ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਹੋਈਆਂ ਹਨ, ਜਦੋਂ ਕਿ ਉੱਤਰੀ ਕੈਰੋਲੀਨਾ ਦੇ ਮੈਨੂਫੈਕਚਰਰ ਹਰ ਸਾਲ ਭਾਰਤ ਨੂੰ ਸੈਂਕੜੇ ਮਿਲੀਅਨ ਡਾਲਰ ਦੀਆਂ ਵਸਤਾਂ ਬਰਾਮਦ ਕਰਦੇ ਹਨ।

ਸੰਸਦ ਮੈਂਬਰ Veasey ਨੇ ਕਿਹਾ, ‘‘ਭਾਰਤ ਇਕ ਅਹਿਮ ਸਭਿਆਚਾਰਕ, ਆਰਥਿਕ ਤੇ ਰਣਨੀਤਕ ਭਾਈਵਾਲ ਹੈ, ਅਤੇ ਇਹ ਗੈਰਕਾਨੂੰਨੀ ਟੈਰਿਫ਼ ਉੱਤਰੀ ਟੈਕਸਾਸ ਦੇ ਲੋਕਾਂ ’ਤੇ ਰੋਜ਼ਾਨਾ ਦੇ ਟੈਕਸ ਹਨ, ਜੋ ਪਹਿਲਾਂ ਤੋਂ ਹੀ ਵਧਦੀ ਮਹਿੰਗਾਈ ਨਾਲ ਜੂਝ ਰਹੇ ਹਨ।

ਇਸ ਦੌਰਾਨ ਭਾਰਤੀ ਅਮਰੀਕੀ ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਟੈਰਿਫ਼ ‘ਨੁਕਸਾਨਦੇਹ ਹਨ, ਸਪਲਾਈ ਚੇਨ ਵਿਚ ਅੜਿੱਕਾ ਹਨ, ਅਮਰੀਕੀ ਮਜ਼ਦੂਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਖਪਤਕਾਰਾਂ ਲਈ ਕੀਮਤਾਂ ਵਧਾਉਣ ਵਾਲੇ ਹਨ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਟੈਰਿਫ਼ਾਂ ਨੂੰ ਖ਼ਤਮ ਕਰਨ ਨਾਲ ਅਮਰੀਕਾ-ਭਾਰਤ ਆਰਥਿਕ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ। ਇਹ ਮਤਾ ਡੈਮੋਕਰੈਟ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਟਰੰਪ ਦੇ ਇਕਤਰਫ਼ਾ ਵਪਾਰ ਉਪਾਆਂ ਨੂੰ ਚੁਣੌਤੀ ਦੇਣ ਤੇ ਭਾਰਤ ਨਾਲ ਅਮਰੀਕੀ ਰਿਸ਼ਤਿਆਂ ਨੂੰ ਮੁੜ ਤੋਂ ਠੀਕ ਕਰਨ ਦੀ ਇਕ ਵੱਡੀ ਕੋਸ਼ਿਸ਼ ਦਾ ਹਿੱਸਾ ਹੈ।

ਇਸ ਤੋਂ ਪਹਿਲਾਂ ਅਕਤੂਬਰ ਦੇ ਸ਼ੁਰੂ ਵਿੱਚ ਰੌਸ, ਵੀਸੀ ਅਤੇ ਕ੍ਰਿਸ਼ਨਾਮੂਰਤੀ ਨੇ ਸੰਸਦ ਮੈਂਬਰ ਰੋਅ ਖੰਨਾ ਅਤੇ ਕਾਂਗਰਸ ਦੇ 19 ਹੋਰ ਮੈਂਬਰਾਂ ਨਾਲ ਮਿਲ ਕੇ ਰਾਸ਼ਟਰਪਤੀ ਨੂੰ ਆਪਣੀਆਂ ਟੈਰਿਫ ਨੀਤੀਆਂ ਨੂੰ ਉਲਟਾਉਣ ਅਤੇ ਭਾਰਤ ਨਾਲ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਠੀਕ ਕਰਨ ਦੀ ਅਪੀਲ ਕੀਤੀ ਸੀ।

Advertisement
Tags :
Bipartisan resolutioneconomic impactIndia tariffstrade disputeTrump TariffsUS India RelationsUS tariffsਅਮਰੀਕਾ-ਭਾਰਤ ਸਬੰਧਅਮਰੀਕੀ ਟੈਰਿਫਆਰਥਿਕ ਪ੍ਰਭਾਵਟਰੰਪ ਟੈਰਿਫਦੁਵੱਲਾ ਮਤਾਭਾਰਤ ਟੈਰਿਫਵਪਾਰ ਵਿਵਾਦ
Show comments