ਤਿੰਨ ਵਿਗਿਆਨੀਆਂ ਨੂੰ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ
ਤਿੰਨ ਵਿਗਿਆਨੀਆਂ ਸੁਸੁਮੂ ਕਿਤਾਗਾਵਾ, ਰਿਚਰਡ ਰੌਬਸਨ ਅਤੇ ਉਮਰ ਐੱਮ ਯਾਗ਼ੀ ਨੂੰ 1989 ਤੋਂ ਧਾਤ-ਕਾਰਬਨਿਕ ਢਾਂਚੇ ਦੇ ਵਿਕਾਸ ’ਚ ਉਨ੍ਹਾਂ ਦੇ ਕੰਮਾਂ ਲਈ ਇਸ ਸਾਲ ਦੇ ਰਸਾਇਣ ਵਿਗਿਆਨ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਨੋਬੇਲ ਕਮੇਟੀ ਨੇ ਕਿਹਾ ਕਿ ਤਿੰਨੇ ਵਿਗਿਆਨੀਆਂ ਨੇ ਅਣੂ ਆਧਾਰਿਤ ਢਾਂਚੇ ਦਾ ਨਵਾਂ ਸਰੂਪ ਵਿਕਸਿਤ ਕੀਤਾ ਹੈ। ਕਮੇਟੀ ਨੇ ਕਿਹਾ, ‘ਉਨ੍ਹਾਂ ਵੱਡੀਆਂ ਥਾਵਾਂ ਦੇ ਨਾਲ ਅਣੂ ਆਧਾਰਿਤ ਸੰਰਚਨਾਵਾਂ ਬਣਾਈਆਂ ਹਨ ਜਿਨ੍ਹਾਂ ਰਾਹੀਂ ਗੈਸਾਂ ਤੇ ਹੋਰ ਰਸਾਇਣ ਲੰਘ ਸਕਦੇ ਹਨ।’ ਰੌਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਹੈਂਸ ਐਲੇਗਰੇਨ ਨੇ ਅੱਜ ਰਸਾਇਣ ਵਿਗਿਆਨ ਦੇ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ। ਰੌਬਸਨ (88) ਆਸਟਰੇਲੀਆ ਦੀ ਮੈਲਬਰਨ ਯੂਨੀਵਰਸਿਟੀ, 74 ਸਾਲਾ ਕਿਤਾਗਾਵਾ ਜਪਾਨ ਦੀ ਕਿਓਟੋ ਯੂਨੀਵਰਸਿਟੀ ਅਤੇ 60 ਸਾਲਾ ਯਾਗੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਨਾਲ ਸਬੰਧਤ ਹਨ। ਇਨ੍ਹਾਂ ਰਸਾਇਣ ਵਿਗਿਆਨੀਆਂ ਨੇ ਵੱਖ ਵੱਖ ਕੰਮ ਕਰਦੇ ਹੋਏ 1989 ਤੋਂ ਚੱਲੀ ਆ ਰਹੀ ਖੋਜ ’ਚ ਇੱਕ-ਦੂਜੇ ਦੀਆਂ ਕਾਮਯਾਬੀਆਂ ਨੂੰ ਜੋੜਦੇ ਹੋਏ ਸਥਿਰ ਧਾਤ-ਕਾਰਬਨਿਕ ਢਾਂਚਾ ਬਣਾਉਣ ਦੇ ਢੰਗ ਇਜਾਦ ਕੀਤੇ ਹਨ।