ਜੰਮੂ, 26 ਜੂਨ
ਜੰਮੂ-ਕਸ਼ਮੀਰ ਦੇ ਰਾਜੌਰੀ, ਪੁਣਛ, ਡੋਡਾ ਅਤੇ ਕਠੂਆ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਆਏ ਹੜ੍ਹ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ’ਚ ਦੋ ਬੱਚੇ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਕਾਫਤ ਅਲੀ (14) ਅਤੇ ਉਸਦੀ ਚਚੇਰੀ ਭੈਣ ਸਫੀਨਾ ਕੌਸਰ (11) ਰਾਜੌਰੀ ਦੇ ਕਾਲਾਕੋਟ ਸਬ-ਡਿਵੀਜ਼ਨ ਦੇ ਸਿਆਲਸੁਈ ਮੌ ਪਿੰਡ ਵਿੱਚ ਇੱਕ ਨਦੀ ’ਚ ਆਏ ਹੜ੍ਹ ਕਾਰਨ ਰੁੜ੍ਹ ਗਏ। ਇਸੇ ਤਰ੍ਹਾਂ ਸਾਇਮਾ (10) ਹੜ੍ਹ ਵਿੱਚ ਫਸ ਗਈ, ਉਸ ਨੂੰ ਵਾਲੰਟੀਅਰਾਂ ਨੇ ਹਸਪਤਾਲ ਪਹੁੰਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਨਾਦੀ ਪਿੰਡ ਦੇ ਵਸਨੀਕ ਬਸ਼ਾਰਤ ਹੁਸੈਨ (32) ਦੀ ਲਾਸ਼ ਡੋਡਾ ਦੇ ਲੋਪਾ ਨਦੀ ’ਚੋਂ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ 23 ਜੂਨ ਨੂੰ ਨਦੀ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਲਦੇਵ ਰਾਜ (35) ਅਤੇ ਸੁਸ਼ੀਲ ਕੁਮਾਰ (25) ਨੂੰ ਐੱਸਡੀਆਰਐੱਫ ਦੀ ਟੀਮ ਨੇ ਬਚਾਅ ਲਿਆ ਹੈ। ਪੁਣਛ ਦੇ ਕਾਜ਼ੀ ਮੋਰਾ ਅਤੇ ਡੋਡਾ, ਊਧਮਪੁਰ ਅਤੇ ਰਾਮਬਨ ਜ਼ਿਲ੍ਹਿਆਂ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਵੀ ਬੱਦਲ ਫਟਣ ਕਾਰਨ ਹੜ੍ਹ ਆਉਣ ਦੀ ਜਾਣਕਾਰੀ ਮਿਲੀ ਹੈ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੌਰਾਨ, ਰਾਜੌਰੀ ਅਤੇ ਡੋਡਾ ਸਣੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਨਦੀਆਂ, ਨਾਲਿਆਂ, ਝਰਨਿਆਂ ਦੇ ਨੇੜੇ ਤੈਰਾਕੀ, ਨਹਾਉਣ, ਮੱਛੀਆਂ ਫੜਨ ਅਤੇ ਘੁੰਮਣ-ਫਿਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ ਕਈ ਥਾਈਂ ’ਤੇ ਰੁਕ-ਰੁਕ ਕੇ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਗਰਜ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ