ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ, ਹਰਿਆਣਾ ਵਿੱਚ ਮੀਂਹ, ਹਨੇਰੀ; ਦਿੱਲੀ ਵਿੱਚ ਉਡਾਣਾਂ ਪ੍ਰਭਾਵਿਤ, ਨਜਫਗੜ੍ਹ ਵਿੱਚ ਘਰ ਢਹਿਣ ਨਾਲ 4 ਦੀ ਮੌਤ

ਦਿੱਲੀ ’ਚ ਖਰਾਬ ਮੌਸਮ ਕਰਕੇ ਤਿੰਨ ਉਡਾਣਾਂ ਡਾਇਵਰਟ, 100 ਤੋਂ ਵੱਧ ਵਿਚ ਦੇਰੀ; ਮੌਸਮ ਵਿੱਚ ਅਚਾਨਕ ਬਦਲਾਅ ਦੇ ਕਾਰਨ ਭਾਰਤੀ ਮੌਸਮ ਵਿਭਾਗ ਨੇ ਦਿੱਲੀ ਲਈ ਰੈੱਡ ਅਲਰਟ ਜਾਰੀ
ਦਿੱਲੀ ਵਿਚ ਸ਼ੁੱਕਰਵਾਰ ਸਵੇਰੇ ਮੀਂਹ ਕਾਰਨ ਸੜਕ ’ਤੇ ਜਮ੍ਹਾਂ ਹੋਏ ਪਾਣੀ ’ਚੋਂ ਲੰਘਦੇ ਵਾਹਨ। ਫੋਟੋ: ਮੁਕੇਸ਼ ਅਗਰਵਾਲ
Advertisement

ਚੰਡੀਗੜ੍ਹ/ਨਵੀਂ ਦਿੱਲੀ, 2 ਮਈ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸ਼ੁੁੱਕਰਵਾਰ ਸਵੇਰੇ ਭਾਰੀ ਮੀਂਹ ਪੈਣ ਨਾਲ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ। ਵੀਰਵਾਰ ਰਾਤ ਨੂੰ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਤੇ ਗਰਜ ਨਾਲ ਮੀਂਹ ਪੈਣ ਕਾਰਨ ਦਰੱਖਤ ਉੱਖੜ ਗਏ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।

Advertisement

ਇਸ ਦੌਰਾਨ ਭਾਰੀ ਮੀਂਹ ਕਰਕੇ ਸ਼ੁੱਕਰਵਾਰ ਸਵੇਰੇ ਦਿੱਲੀ ਵਿੱਚ ਇੱਕ ਘਰ ਢਹਿ ਜਾਣ ਕਾਰਨ ਤਿੰਨ ਬੱਚਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਸਿਜ਼ ਦੇ ਅਧਿਕਾਰੀ ਨੇ ਕਿਹਾ, ‘‘ਸਾਨੂੰ ਸਵੇਰੇ 5.25 ਵਜੇ ਨਜਫਗੜ੍ਹ ਦੇ ਖਰਕੜੀ ਨਾਹਰ ਪਿੰਡ ਵਿੱਚ ਇੱਕ ਘਰ ਢਹਿ ਜਾਣ ਬਾਰੇ ਜਾਣਕਾਰੀ ਮਿਲੀ। ਅਸੀਂ ਮੌਕੇ ’ਤੇ ਕਈ ਟੀਮਾਂ ਤਾਇਨਾਤ ਕੀਤੀਆਂ ਅਤੇ ਚਾਰ ਲੋਕਾਂ ਨੂੰ ਮਲਬੇ ਵਿੱਚੋਂ ਬਚਾਇਆ ਗਿਆ।’’ ਉਨ੍ਹਾਂ ਕਿਹਾ, ‘‘ਪੀੜਤਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।’’ ਮੌਸਮ ਵਿੱਚ ਅਚਾਨਕ ਬਦਲਾਅ ਦੇ ਕਾਰਨ ਭਾਰਤੀ ਮੌਸਮ ਵਿਭਾਗ ਨੇ ਦਿੱਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

ਉਧਰ ਦਿੱਲੀ ਹਵਾਈ ਅੱਡੇ ’ਤੇ ਸ਼ੁੱਕਰਵਾਰ ਸਵੇਰੇ ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ ਤਿੰਨ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ ਜਦੋਂਕਿ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਇਕ ਅਧਿਕਾਰੀ ਨੇ ਕਿਹਾ ਕਿ ਜਿਹੜੀਆਂ ਦੋ ਉਡਾਣਾਂ ਨੇ ਦਿੱਲੀ ਹਵਾਈ ਅੱਡੇ ’ਤੇ ਉਤਰਨਾ ਸੀ, ਵਿਚੋਂ ਇਕ ਨੂੰ ਜੈਪੁਰ ਤੇ ਦੂਜੀ ਨੂੰ ਅਹਿਮਦਾਬਾਦ ਡਾਇਵਰਟ ਕੀਤਾ ਗਿਆ ਹੈ।

ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਡੇਟਾ ਮੁਤਾਬਕ 100 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ), ਜੋ ਹਵਾਈ ਅੱਡੇ ਦਾ ਸੰਚਾਲਨ ਕਰਦੀ ਹੈ, ਨੇ ਸਵੇਰੇ 5.20 ਵਜੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਖਰਾਬ ਮੌਸਮ ਕਾਰਨ ਕੁਝ ਉਡਾਨਾਂ ਅਸਰਅੰਦਾਜ਼ ਹੋਈਆਂ ਹਨ।

ਸਵੇਰੇ 7.25 ਵਜੇ ਇੱਕ ਹੋਰ ਪੋਸਟ ਵਿੱਚ ‘ਡਾਇਲ’ ਨੇ ਕਿਹਾ ਕਿ ਤੂਫ਼ਾਨ ਲੰਘ ਗਿਆ ਹੈ ਪਰ ਖਰਾਬ ਮੌਸਮ ਕਾਰਨ ਉਡਾਣਾਂ ਦੇ ਸੰਚਾਲਨ ’ਤੇ ਕੁਝ ਅਸਰ ਪਿਆ ਹੈ। ਇਸ ਵਿਚ ਕਿਹਾ ਗਿਆ, ‘‘ਸਾਰੇ ਸਬੰਧਤ ਭਾਈਵਾਲ ਬੇਰੋਕ ਅਤੇ ਕੁਸ਼ਲ ਯਾਤਰੀ ਅਨੁਭਵ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।’’

ਉਧਰ ਏਅਰ ਇੰਡੀਆ ਨੇ ਵੀ ਕਿਹਾ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਖਰਾਬ ਮੌਸਮ ਕਰਕੇ ਉਡਾਣ ਦੇ ਸੰਚਾਲਨ ਵਿਚ ਮੁਸ਼ਕਲ ਆਈ ਹੈ। ਏਅਰਲਾਈਨ ਨੇ ਐਕਸ ’ਤੇ ਸਵੇਰੇ 5:51 ਵਜੇ ਇਕ ਪੋਸਟ ਵਿਚ ਕਿਹਾ, ‘‘ਦਿੱਲੀ ਆਉਣ ਅਤੇ ਜਾਣ ਵਾਲੀਆਂ ਸਾਡੀਆਂ ਕੁਝ ਉਡਾਣਾਂ ਦੇਰੀ ਨਾਲ ਜਾਂ ਡਾਇਵਰਟ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਡੇ ਸਮੁੱਚੇ ਉਡਾਣ ਸ਼ਡਿਊਲ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਅਸੀਂ ਅੜਿੱਕਿਆਂ ਨੂੰ ਦੂਰ ਕਰਨ ਲਈ  ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।’’

ਦੱਸ ਦੇਈਏ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (IGIA) ਦੇਸ਼ ਦਾ ਸਭ ਤੋਂ ਵੱਡਾ ਅਤੇ ਵਿਅਸਤ ਹਵਾਈ ਅੱਡਾ ਹੈ, ਜੋ ਰੋਜ਼ਾਨਾ ਕਰੀਬ 1,300 ਉਡਾਣਾਂ ਦੀ ਆਵਾਜਾਈ ਨੂੰ ਸੰਭਾਲਦਾ ਹੈ। -ਪੀਟੀਆਈ

Advertisement
Show comments