ਇੱਕ ਲੱਖ ਆਂਡਿਆਂ ਦੀ ਚੋਰੀ ਬਣੀ ਭੇਤ
ਐਂਟਰੀਮ ਟਾਊਨਸ਼ਿਪ, 6 ਫਰਵਰੀ
ਅਮਰੀਕੀ ਸੂਬੇ ਪੈਨਸਿਲਵੇਨੀਆ ਵਿੱਚ ਇੱਕ ਟ੍ਰੇਲਰ ਦੇ ਪਿਛਲੇ ਹਿੱਸੇ ਤੋਂ ਇੱਕ ਲੱਖ ਆਂਡਿਆਂ ਦੀ ਚੋਰੀ ਇੱਕ ਅਜਿਹੀ ਘਟਨਾ ਬਣ ਗਈ ਹੈ ਜਿਸਨੂੰ ਪੁਲੀਸ ਵੱਲੋਂ ਅਜੇ ਤੱਕ ਸੁਲਝਾਇਆ ਨਹੀਂ ਜਾ ਸਕਿਆ ਹੈ। ਪੈਨਸਿਲਵੇਨੀਆ ਸਟੇਟ ਪੁਲੀਸ ਦੇ ਬੁਲਾਰੇ ਟਰੂਪਰ ਫਸਟ ਕਲਾਸ ਮੇਗਨ ਫਰੇਜ਼ਰ ਨੇ ਬੁੱਧਵਾਰ ਨੂੰ ਕਿਹਾ, “ਅਸੀਂ ਕਮਿਊਨਿਟੀ ਦੇ ਲੋਕਾਂ ਦੀਆਂ ਲੀਡਜ਼ 'ਤੇ ਭਰੋਸਾ ਕਰ ਰਹੇ ਹਾਂ। ਇਸ ਲਈ ਅਸੀਂ ਉਮੀਦ ਕਰ ਰਹੇ ਹਾਂ ਕਿ ਕਿਸੇ ਨੂੰ ਕੁਝ ਤਾਂ ਪਤਾ ਹੈ, ਉਹ ਸਾਨੂੰ ਕਾਲ ਕਰਨਗੇ ਅਤੇ ਕੋਈ ਜਾਣਕਾਰੀ ਦੇਣਗੇ।’’
ਫਰੇਜ਼ਰ ਨੇ ਕਿਹਾ ਕਿ ਪੁਲੀਸ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਗਵਾਹਾਂ ਦੀ ਭਾਲ ਕਰ ਰਹੀ ਹੈ ਅਤੇ ਨਿਗਰਾਨੀ ਫੁਟੇਜ ਦੀ ਜਾਂਚ ਕਰ ਰਹੀ ਹੈ ਜੋ ਕਿ ਉਨ੍ਹਾਂ ਨੂੰ ਗੁਨਾਹਗਾਰ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ, “ਮੇਰੇ ਕਰੀਅਰ ਵਿੱਚ, ਮੈਂ ਕਦੇ ਵੀ ਇੱਕ ਲੱਖ ਆਂਡੇ ਚੋਰੀ ਹੋਣ ਬਾਰੇ ਨਹੀਂ ਸੁਣਿਆ ਹੈ। ਇਹ ਯਕੀਨਨ 'ਤੇ ਬਹੁਤ ਵੱਖਰਾ ਹੈ।’’
ਜ਼ਿਕਰਯੋਗ ਹੈ ਕਿ ਬਰਡ ਫਲੂ ਕਿਸਾਨਾਂ ਨੂੰ ਇੱਕ ਮਹੀਨੇ ਵਿੱਚ ਲੱਖਾਂ ਮੁਰਗੀਆਂ ਨੂੰ ਮਾਰਨ ਲਈ ਮਜਬੂਰ ਕਰ ਰਿਹਾ ਹੈ, ਜਿਸ ਨਾਲ 2023 ਦੀਆਂ ਗਰਮੀਆਂ ਵਿੱਚ ਅਮਰੀਕੀ ਆਂਡੇ ਦੀਆਂ ਕੀਮਤਾਂ ਉਨ੍ਹਾਂ ਦੀ ਲਾਗਤ ਤੋਂ ਦੁੱਗਣੀਆਂ ਹੋ ਗਈਆਂ ਹਨ। ਅਜਿਹਾ ਜਾਪਦਾ ਹੈ ਕਿ ਈਸਟਰ ਨੇੜੇ ਆਉਣ ਨਾਲ ਸ਼ਾਇਦ ਕੋਈ ਰਾਹਤ ਨਜ਼ਰ ਨਹੀਂ ਆਵੇਗੀ। ਦਸੰਬਰ ਵਿੱਚ ਅਮਰੀਕੀ ਆਂਡੇ ਦੀ ਔਸਤਨ ਕੀਮਤ 4.5 ਡਾਲਰ ਸੀ। ਖੇਤੀਬਾੜੀ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਆਂਡੇ ਦੀਆਂ ਕੀਮਤਾਂ 20 ਫੀਸਦੀ ਹੋਰ ਵਧਣ ਜਾ ਰਹੀਆਂ ਹਨ।
ਅਧਿਕਾਰੀ ਨੇ ਕਿਹਾ ਕਿ 100,000 ਆਂਡੇ ਸ਼ਨਿੱਚਵਾਰ ਨੂੰ ਰਾਤ 8.40 ਵਜੇ ਪੀਟ ਐਂਡ ਗੈਰੀ ਦੇ ਆਰਗੈਨਿਕਸ ਡਿਸਟ੍ਰੀਬਿਊਸ਼ਨ ਟਰਾਲੇ ਦੇ ਪਿਛਲੇ ਹਿੱਸੇ ਤੋਂ ਚੋਰੀ ਕੀਤੇ ਗਏ ਸਨ। ਪੁਲੀਸ ਦੇ ਅਨੁਸਾਰ ਪੈਨਸਿਲਵੇਨੀਆ ਦੇ ਐਂਟਰੀਮ ਟਾਊਨਸ਼ਿਪ ਵਿੱਚ ਉਨ੍ਹਾਂ ਦੀ ਕੀਮਤ ਲਗਭਗ 40,000 ਡਾਲਰ ਹੈ, ਜੋ ਕਿ ਵੱਡਾ ਅਪਰਾਧ ਹੈ। Pete & Gerry's Organics LLC ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਚੋਰੀ ਦੀ ਜਾਂਚ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। -ਏਪੀ