ਊਰਜਾ ਵਪਾਰ ਦਾ ਦਾਇਰਾ ਸੀਮਤ ਹੋ ਰਿਹੈ: ਜੈਸ਼ੰਕਰ
ਜੈਸ਼ੰਕਰ ਨੇ ਕਿਹਾ, ‘‘ਸਪਲਾਈ ਲੜੀਆਂ ਦੀ ਭਰੋਸੇਯੋਗਤਾ ਅਤੇ ਬਾਜ਼ਾਰਾਂ ਤੱਕ ਰਸਾਈ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ। ਤਕਨੀਕੀ ਪ੍ਰਗਤੀ ਬਹੁਤ ਮੁਕਾਬਲੇ ਵਾਲੀ ਹੋ ਗਈ ਹੈ। ਕੁਦਰਤੀ ਸਰੋਤਾਂ ਦੀ ਖੋਜ ਤਾਂ ਹੋਰ ਵੀ ਵੱਧ ਮੁਕਾਬਲੇ ਵਾਲੀ ਹੋ ਗਈ ਹੈ।’’ ਉਨ੍ਹਾਂ ਕਿਹਾ, ‘‘ਊਰਜਾ ਵਪਾਰ ਦਾ ਦਾਇਰਾ ਸੀਮਤ ਹੁੰਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬਾਜ਼ਾਰ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਿਧਾਂਤਾਂ ਨੂੰ ਚੋਣਵੇਂ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਜੋ ਉਪਦੇਸ਼ ਦਿੱਤਾ ਜਾਂਦਾ ਹੈ, ਜ਼ਰੂਰੀ ਨਹੀਂ ਕਿ ਉਸ ’ਤੇ ਅਮਲ ਵੀ ਕੀਤਾ ਜਾਵੇ।’’ ਜੈਸ਼ੰਕਰ ਦੀ ਇਹ ਟਿੱਪਣੀ ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦ ਟੈਰਿਫ ਲਾਏ ਜਾਣ ਮਗਰੋਂ ਭਾਰਤ-ਅਮਰੀਕਾ ਸਬੰਧਾਂ ’ਚ ਤੇਜ਼ੀ ਨਾਲ ਆਈ ਗਿਰਾਵਟ ਵਿਚਾਲੇ ਆਈ ਹੈ, ਜਿਸ ’ਚ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਨਵੀਂ ਦਿੱਲੀ ’ਤੇ ਲਾਇਆ ਗਿਆ 25 ਫੀਸਦ ਟੈਰਿਫ ਵੀ ਸ਼ਾਮਲ ਹੈ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਤਬਦੀਲੀ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਦੁਨੀਆ ਲਾਜ਼ਮੀ ਤੌਰ ’ਤੇ ਨਵੇਂ ਹਾਲਾਤ ਮੁਤਾਬਕ ਪ੍ਰਤੀਕਿਰਿਆ ਦੇਵੇਗੀ। ਨਵੀਆਂ ਗਿਣਤੀਆਂ-ਮਿਣਤੀਆਂ ਤੇ ਸਮਝੌਤੇ ਹੋਣਗੇ, ਨਵੀਂ ਸਮਝ ਵਿਕਸਿਤ ਹੋਵੇਗੀ, ਨਵੇਂ ਮੌਕੇ ਸਾਹਮਣੇ ਆਉਣਗੇ ਅਤੇ ਹੱਲ ਕੱਢੇ ਜਾਣਗੇ। ਤਕਨੀਕ, ਮੁਕਾਬਲੇਬਾਜ਼ੀ, ਬਾਜ਼ਾਰ ਦੇ ਆਕਾਰ, ਡਿਜੀਟਲੀਕਰਨ, ਸੰਪਰਕ, ਪ੍ਰਤਿਭਾ ਤੇ ਗਤੀਸ਼ੀਲਤਾ ਦੀਆਂ ਸੱਚਾਈਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਬਹੁ-ਧਰੁਵੀਕਰਨ ਨਾ ਸਿਰਫ਼ ਟਿਕਾਊ ਹੈ ਸਗੋਂ ਵਧਦਾ ਵੀ ਰਹੇਗਾ। ਇਹ ਸਾਰੀਆਂ ਗੱਲਾਂ ਗੰਭੀਰ ਆਲਮੀ ਚਰਚਾ ਦੀ ਮੰਗ ਕਰਦੀਆਂ ਹਨ। ਉਨ੍ਹਾਂ ਖੁਰਾਕ ਸੁਰੱਖਿਆ, ਊਰਜਾ ਤੇ ਵਪਾਰ ਨੂੰ ਲੈ ਕੇ ਚੱਲ ਰਹੇ ਸੰਘਰਸ਼ਾਂ ਦੇ ਅਸਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਗਾਜ਼ਾ ਸ਼ਾਂਤੀ ਯੋਜਨਾ ਦਾ ਸਵਾਗਤ ਕਰਦਾ ਹੈ ਅਤੇ ਯੂਕਰੇਨ ’ਚ ਸੰਘਰਸ਼ ਦਾ ਜਲਦੀ ਅੰਤ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈ ਏ ਐੱਸ) ਦੀਆਂ ਗਤੀਵਿਧੀਆਂ ਤੇ ਇਸ ਦੇ ਭਵਿੱਖ ਦੀ ਦਿਸ਼ਾ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ 2026 ਨੂੰ ਆਸਿਆਨ-ਭਾਰਤ ਸਮੁੰਦਰੀ ਸਹਿਯੋਗ ਸਾਲ ਵਜੋਂ ਮਨਾਇਆ ਜਾਵੇਗਾ।
ਆਸਿਆਨ: ਜੈਸ਼ੰਕਰ ਵੱਲੋਂ ਰੂਬੀਓ ਨਾਲ ਵਾਰਤਾ
ਕੁਆਲਾਲੰਪੁਰ: ਭਾਰਤੀ ਵਸਤਾਂ ’ਤੇ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਮਗਰੋਂ ਦੁਵੱਲੇ ਸਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਇੱਥੇ ਗੱਲਬਾਤ ਕੀਤੀ। ਜੈਸ਼ੰਕਰ ਤੇ ਰੂਬੀਓ ਦੀ ਮੁਲਾਕਾਤ ਕੁਆਲਾਲੰਪੁਰ ’ਚ ਆਸਿਆਨ ਦੇ ਸਾਲਾਨਾ ਸਿਖਰ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ, ‘ਕੁਆਲਾਲੰਪੁਰ ’ਚ ਅੱਜ ਸਵੇਰੇ ਵਿਦੇਸ਼ ਮੰਤਰੀ ਰੂਬੀਓ ਨਾਲ ਮਿਲ ਕੇ ਖੁਸ਼ੀ ਹੋਈ। ਸਾਡੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਦੀ ਸ਼ਲਾਘਾ ਕੀਤੀ।’ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 50 ਫੀਸਦ ਟੈਰਿਫ ਲਾਏ ਜਾਣ ਮਗਰੋਂ ਨਵੀਂ ਦਿੱਲੀ ਤੇ ਵਾਸ਼ਿੰਗਟਨ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਹੈ। ਇਸ ਟੈਰਿਫ ’ਚ ਰੂਸੀ ਤੇਲ ਦੀ ਖਰੀਦ ਕਰਨ ’ਤੇ ਲਾਇਆ ਗਿਆ 25 ਫੀਸਦ ਵਾਧੂ ਟੈਰਿਫ ਵੀ ਸ਼ਾਮਲ ਹੈ। ਭਾਰਤ ਨੇ ਅਮਰੀਕਾ ਦੇ ਇਸ ਕਦਮ ਨੂੰ ‘ਗ਼ੈਰ-ਵਾਜਿਬ, ਨਾਇਨਸਾਫੀ ਵਾਲਾ ਤੇ ਬੇਤੁਕਾ’ ਕਰਾਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਤੇ ਰੂਬੀਓ ਨੇ ਦੋਵਾਂ ਧਿਰਾਂ ਵਿਚਾਲੇ ਤਜਵੀਜ਼ਤ ਵਪਾਰ ਸਮਝੌਤੇ ’ਤੇ ਚਰਚਾ ਕੀਤੀ। ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਲਈ ਹੁਣ ਤੱਕ ਪੰਜ ਗੇੜਾਂ ਦੀ ਵਾਰਤਾ ਪੂਰੀ ਹੋ ਚੁੱਕੀ ਹੈ। ਇਸੇ ਦੌਰਾਨ ਜੈਸ਼ੰਕਰ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਮੁਹੰਮਦ ਹਾਜੀ ਹਸਨ ਨਾਲ ਦੁਵੱਲੇ ਸਬੰਧਾਂ ਅਤੇ ਖੇਤਰੀ ਮੁੱਦਿਆਂ ਬਾਰੇ ਵੱਖੋ ਵੱਖਰੀਆਂ ਮੀਟਿੰਗਾਂ ਕੀਤੀਆਂ। -ਪੀਟੀਆਈ
