DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਊਰਜਾ ਵਪਾਰ ਦਾ ਦਾਇਰਾ ਸੀਮਤ ਹੋ ਰਿਹੈ: ਜੈਸ਼ੰਕਰ

ਨੇਮਾਂ ਦੀ ਚੋਣਵੇਂ ਢੰਗ ਨਾਲ ਵਰਤੋਂ ’ਤੇ ਚਿੰਤਾ ਜਤਾਈ; ਅਤਿਵਾਦ ਪ੍ਰਤੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਣ ਦਾ ਸੱਦਾ; ਗਾਜ਼ਾ ਸ਼ਾਂਤੀ ਯੋਜਨਾ ਦਾ ਕੀਤਾ ਸਵਾਗਤ

  • fb
  • twitter
  • whatsapp
  • whatsapp
Advertisement
ਭਾਰਤ ਨੇ ਊਰਜਾ ਵਪਾਰ ਦਾ ਦਾਇਰਾ ਲਗਾਤਾਰ ਸੀਮਤ ਹੋਣ, ਨੇਮਾਂ ’ਤੇ ਚੋਣਵੇਂ ਢੰਗ ਨਾਲ ਅਮਲ ਅਤੇ ਬਾਜ਼ਾਰ ਤੱਕ ਰਸਾਈ ਦੇ ਮੁੱਦਿਆਂ ’ਤੇ ਅੱਜ ਚਿੰਤਾ ਜ਼ਾਹਿਰ ਕੀਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਇਹ ਟਿੱਪਣੀ ਰੂਸ ਤੋਂ ਕੱਚੇ ਤੇਲ ਦੀ ਖਰੀਦ ਕਾਰਨ ਅਮਰੀਕਾ ਨਾਲ ਭਾਰਤ ਦੇ ਸਬੰਧਾਂ ’ਚ ਤਲਖੀ ਆਉਣ ਦੀ ਪਿੱਠਭੂਮੀ ’ਚ ਆਈ ਹੈ। ਕੁਆਲਾਲੰਪੁਰ ’ਚ ਪੂਰਬੀ ਏਸ਼ੀਆ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਦੁਨੀਆ ਨੂੰ ਅਤਿਵਾਦ ਪ੍ਰਤੀ ‘ਬਿਲਕੁਲ ਵੀ ਬਰਦਾਸ਼ਤ ਨਾ ਕਰਨ’ ਦੀ ਨੀਤੀ ਅਪਣਾਉਣੀ ਚਾਹੀਦੀ ਹੈ ਕਿਉਂਕਿ ਇਸ ਖਤਰੇ ਖ਼ਿਲਾਫ਼ ਰੱਖਿਆ ਦੇ ਅਧਿਕਾਰ ਨਾਲ ਕਦੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸੰਮੇਲਨ ’ਚ ਊਰਜਾ ਵਪਾਰ, ਬਾਜ਼ਾਰ ਤੱਕ ਰਸਾਈ ਤੇ ਸਪਲਾਈ ਲੜੀਆਂ ਨਾਲ ਸਬੰਧਤ ਉਨ੍ਹਾਂ ਦੀਆਂ ਟਿੱਪਣੀਆਂ ਨੇ ਸਭ ਦਾ ਧਿਆਨ ਖਿੱਚਿਆ।

ਜੈਸ਼ੰਕਰ ਨੇ ਕਿਹਾ, ‘‘ਸਪਲਾਈ ਲੜੀਆਂ ਦੀ ਭਰੋਸੇਯੋਗਤਾ ਅਤੇ ਬਾਜ਼ਾਰਾਂ ਤੱਕ ਰਸਾਈ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ। ਤਕਨੀਕੀ ਪ੍ਰਗਤੀ ਬਹੁਤ ਮੁਕਾਬਲੇ ਵਾਲੀ ਹੋ ਗਈ ਹੈ। ਕੁਦਰਤੀ ਸਰੋਤਾਂ ਦੀ ਖੋਜ ਤਾਂ ਹੋਰ ਵੀ ਵੱਧ ਮੁਕਾਬਲੇ ਵਾਲੀ ਹੋ ਗਈ ਹੈ।’’ ਉਨ੍ਹਾਂ ਕਿਹਾ, ‘‘ਊਰਜਾ ਵਪਾਰ ਦਾ ਦਾਇਰਾ ਸੀਮਤ ਹੁੰਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬਾਜ਼ਾਰ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਿਧਾਂਤਾਂ ਨੂੰ ਚੋਣਵੇਂ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਜੋ ਉਪਦੇਸ਼ ਦਿੱਤਾ ਜਾਂਦਾ ਹੈ, ਜ਼ਰੂਰੀ ਨਹੀਂ ਕਿ ਉਸ ’ਤੇ ਅਮਲ ਵੀ ਕੀਤਾ ਜਾਵੇ।’’ ਜੈਸ਼ੰਕਰ ਦੀ ਇਹ ਟਿੱਪਣੀ ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦ ਟੈਰਿਫ ਲਾਏ ਜਾਣ ਮਗਰੋਂ ਭਾਰਤ-ਅਮਰੀਕਾ ਸਬੰਧਾਂ ’ਚ ਤੇਜ਼ੀ ਨਾਲ ਆਈ ਗਿਰਾਵਟ ਵਿਚਾਲੇ ਆਈ ਹੈ, ਜਿਸ ’ਚ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਨਵੀਂ ਦਿੱਲੀ ’ਤੇ ਲਾਇਆ ਗਿਆ 25 ਫੀਸਦ ਟੈਰਿਫ ਵੀ ਸ਼ਾਮਲ ਹੈ।

Advertisement

ਸੰਮੇਲਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਤਬਦੀਲੀ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਦੁਨੀਆ ਲਾਜ਼ਮੀ ਤੌਰ ’ਤੇ ਨਵੇਂ ਹਾਲਾਤ ਮੁਤਾਬਕ ਪ੍ਰਤੀਕਿਰਿਆ ਦੇਵੇਗੀ। ਨਵੀਆਂ ਗਿਣਤੀਆਂ-ਮਿਣਤੀਆਂ ਤੇ ਸਮਝੌਤੇ ਹੋਣਗੇ, ਨਵੀਂ ਸਮਝ ਵਿਕਸਿਤ ਹੋਵੇਗੀ, ਨਵੇਂ ਮੌਕੇ ਸਾਹਮਣੇ ਆਉਣਗੇ ਅਤੇ ਹੱਲ ਕੱਢੇ ਜਾਣਗੇ। ਤਕਨੀਕ, ਮੁਕਾਬਲੇਬਾਜ਼ੀ, ਬਾਜ਼ਾਰ ਦੇ ਆਕਾਰ, ਡਿਜੀਟਲੀਕਰਨ, ਸੰਪਰਕ, ਪ੍ਰਤਿਭਾ ਤੇ ਗਤੀਸ਼ੀਲਤਾ ਦੀਆਂ ਸੱਚਾਈਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਬਹੁ-ਧਰੁਵੀਕਰਨ ਨਾ ਸਿਰਫ਼ ਟਿਕਾਊ ਹੈ ਸਗੋਂ ਵਧਦਾ ਵੀ ਰਹੇਗਾ। ਇਹ ਸਾਰੀਆਂ ਗੱਲਾਂ ਗੰਭੀਰ ਆਲਮੀ ਚਰਚਾ ਦੀ ਮੰਗ ਕਰਦੀਆਂ ਹਨ। ਉਨ੍ਹਾਂ ਖੁਰਾਕ ਸੁਰੱਖਿਆ, ਊਰਜਾ ਤੇ ਵਪਾਰ ਨੂੰ ਲੈ ਕੇ ਚੱਲ ਰਹੇ ਸੰਘਰਸ਼ਾਂ ਦੇ ਅਸਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਗਾਜ਼ਾ ਸ਼ਾਂਤੀ ਯੋਜਨਾ ਦਾ ਸਵਾਗਤ ਕਰਦਾ ਹੈ ਅਤੇ ਯੂਕਰੇਨ ’ਚ ਸੰਘਰਸ਼ ਦਾ ਜਲਦੀ ਅੰਤ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈ ਏ ਐੱਸ) ਦੀਆਂ ਗਤੀਵਿਧੀਆਂ ਤੇ ਇਸ ਦੇ ਭਵਿੱਖ ਦੀ ਦਿਸ਼ਾ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ 2026 ਨੂੰ ਆਸਿਆਨ-ਭਾਰਤ ਸਮੁੰਦਰੀ ਸਹਿਯੋਗ ਸਾਲ ਵਜੋਂ ਮਨਾਇਆ ਜਾਵੇਗਾ।

Advertisement

ਆਸਿਆਨ: ਜੈਸ਼ੰਕਰ ਵੱਲੋਂ ਰੂਬੀਓ ਨਾਲ ਵਾਰਤਾ

ਕੁਆਲਾਲੰਪੁਰ: ਭਾਰਤੀ ਵਸਤਾਂ ’ਤੇ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਮਗਰੋਂ ਦੁਵੱਲੇ ਸਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਇੱਥੇ ਗੱਲਬਾਤ ਕੀਤੀ। ਜੈਸ਼ੰਕਰ ਤੇ ਰੂਬੀਓ ਦੀ ਮੁਲਾਕਾਤ ਕੁਆਲਾਲੰਪੁਰ ’ਚ ਆਸਿਆਨ ਦੇ ਸਾਲਾਨਾ ਸਿਖਰ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ, ‘ਕੁਆਲਾਲੰਪੁਰ ’ਚ ਅੱਜ ਸਵੇਰੇ ਵਿਦੇਸ਼ ਮੰਤਰੀ ਰੂਬੀਓ ਨਾਲ ਮਿਲ ਕੇ ਖੁਸ਼ੀ ਹੋਈ। ਸਾਡੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਦੀ ਸ਼ਲਾਘਾ ਕੀਤੀ।’ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 50 ਫੀਸਦ ਟੈਰਿਫ ਲਾਏ ਜਾਣ ਮਗਰੋਂ ਨਵੀਂ ਦਿੱਲੀ ਤੇ ਵਾਸ਼ਿੰਗਟਨ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਹੈ। ਇਸ ਟੈਰਿਫ ’ਚ ਰੂਸੀ ਤੇਲ ਦੀ ਖਰੀਦ ਕਰਨ ’ਤੇ ਲਾਇਆ ਗਿਆ 25 ਫੀਸਦ ਵਾਧੂ ਟੈਰਿਫ ਵੀ ਸ਼ਾਮਲ ਹੈ। ਭਾਰਤ ਨੇ ਅਮਰੀਕਾ ਦੇ ਇਸ ਕਦਮ ਨੂੰ ‘ਗ਼ੈਰ-ਵਾਜਿਬ, ਨਾਇਨਸਾਫੀ ਵਾਲਾ ਤੇ ਬੇਤੁਕਾ’ ਕਰਾਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਤੇ ਰੂਬੀਓ ਨੇ ਦੋਵਾਂ ਧਿਰਾਂ ਵਿਚਾਲੇ ਤਜਵੀਜ਼ਤ ਵਪਾਰ ਸਮਝੌਤੇ ’ਤੇ ਚਰਚਾ ਕੀਤੀ। ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਲਈ ਹੁਣ ਤੱਕ ਪੰਜ ਗੇੜਾਂ ਦੀ ਵਾਰਤਾ ਪੂਰੀ ਹੋ ਚੁੱਕੀ ਹੈ। ਇਸੇ ਦੌਰਾਨ ਜੈਸ਼ੰਕਰ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਮੁਹੰਮਦ ਹਾਜੀ ਹਸਨ ਨਾਲ ਦੁਵੱਲੇ ਸਬੰਧਾਂ ਅਤੇ ਖੇਤਰੀ ਮੁੱਦਿਆਂ ਬਾਰੇ ਵੱਖੋ ਵੱਖਰੀਆਂ ਮੀਟਿੰਗਾਂ ਕੀਤੀਆਂ। -ਪੀਟੀਆਈ

Advertisement
×