ਚਰਨਜੀਤ ਭੁੱਲਰ
ਚੰਡੀਗੜ੍ਹ, 2 ਅਪਰੈਲ
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੈੱਡ ਪਲੱਸ ਕੈਟਾਗਰੀ ਸੁਰੱਖਿਆ ਹਟਾਏ ਜਾਣ ਮਗਰੋਂ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਜਿਵੇਂ ਸਿੱਧੂ ਮੂਸੇਵਾਲਾ ਨਾਲ ਹੋਇਆ ਹੈ, ਉਸ ਤਰ੍ਹਾਂ ਸਰਕਾਰ ਉਨ੍ਹਾਂ ਦਾ ਵੀ ਐਨਕਾਊਂਟਰ ਕਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਜਨਵਰੀ ਮਹੀਨੇ ਵਿਚ ਪੰਜਾਬ ਪੁਲੀਸ ਮੈਨੂੰ ਖ਼ਤਰਾ ਦੱਸ ਰਹੀ ਹੈ ਅਤੇ ਦੂਜੇ ਪਾਸੇ ਹੁਣ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਮਜੀਠੀਆ ਨੇ ਕਿਹਾ ਕਿ ਡੀਜੀਪੀ ਗੌਰਵ ਯਾਦਵ ਸੁਰੱਖਿਆ ਵਾਪਸੀ ਬਾਰੇ ਲਿਖ ਕੇ ਦੇਣ ਕਿ ਮਜੀਠੀਆ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਜੇ ਕੋਈ ਅਣਹੋਣੀ ਵਾਪਰੀ ਤਾਂ ਇਸ ਲਈ ਡੀਜੀਪੀ ਗੌਰਵ ਯਾਦਵ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਮਜੀਠੀਆ ਨੇ ਤਾਂ ਅਰਵਿੰਦ ਕੇਜਰੀਵਾਲ ਸਮੇਤ ਹੋਰਨਾਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਤੇ ਵੀ ਸਵਾਲ ਚੁੱਕੇ।
ਸ਼੍ਰੋਮਣੀ ਅਕਾਲੀ ਦਲ ਮਜੀਠੀਆ ਦੇ ਨਾਲ: ਸੀਨੀਅਰ ਅਕਾਲੀ ਆਗੂ
Withdrawal of the entire Z+ security cover of Bikram Singh Majithia confirms beyond doubt the dangerous and deadly designs of the @AamAadmiParty govt against the @Akali_Dal_ leadership.
This decision has to be seen alongside the massive witch-hunt launched by the AAP govt… pic.twitter.com/NHVkGHkd6c
— Sukhbir Singh Badal (@officeofssbadal) April 1, 2025
ਸ਼੍ਰੋਮਣੀ ਅਕਾਲੀ ਦਲ ਸੁਰੱਖਿਆ ਘਟਾਏ ਜਾਣ ਮਗਰੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਿੱਠ ’ਤੇ ਖੜ੍ਹ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇੱਥੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ।
ਮੁਲਾਕਾਤ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਵੱਡੀ ਸਾਜ਼ਸ਼ ਤਹਿਤ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾਈ ਗਈ ਹੈ ਜੋ ਕਿ ਘਟੀਆ ਸਿਆਸਤ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਤੇ ਵੀ ਹਮਲਾ ਕਰਾਇਆ ਗਿਆ ਅਤੇ ਮਗਰੋਂ ਹਮਲਾਵਰ ਨੂੰ ਜ਼ਮਾਨਤ ਦਿਵਾਈ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਮਜੀਠੀਆ ਦੇ ਨਾਲ ਖੜ੍ਹਾ ਹੈ।