ਕੇਦਾਰਨਾਥ ਮੰਦਰ ਦੇ ਕਿਵਾੜ 2 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ
ਰੁਦਰਪ੍ਰਯਾਗ, 26 ਫਰਵਰੀ
ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਪ੍ਰਸਾਦ ਥਾਪਲਿਆਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕਿਵਾੜ 2 ਮਈ ਨੂੰ ਸਵੇਰੇ 7 ਵਜੇ ਖੁੱਲ੍ਹਣਗੇ। ਕੇਦਾਰਨਾਥ ਮੰਦਰ ਦੇ ਖੁੱਲਣ ਦੇ ਐਲਾਨ ਦੇ ਨਾਲ ਹੀ ਗੜ੍ਹਵਾਲ ਹਿਮਾਲਿਆ ਦੇ ਸਾਰੇ ਚਾਰ ਪਵਿੱਤਰ ਸਥਾਨਾਂ ਨੂੰ ਖੋਲ੍ਹਣ ਦੀਆਂ ਤਰੀਕਾਂ ਹੁਣ ਤੈਅ ਹੋ ਗਈਆਂ ਹਨ। ਜਿਨ੍ਹਾਂ ਵਿਚ ਬਦਰੀਨਾਥ ਧਾਮ 4 ਮਈ, ਜਦਕਿ ਗੰਗੋਤਰੀ ਅਤੇ ਯਮੁਨੋਤਰੀ ਧਾਮ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ 'ਤੇ ਖੁੱਲ੍ਹਣਗੇ। ਇਹ ਚਾਰੇ ਸਥਾਨ ਮਿਲ ਕੇ ਚਾਰ ਧਾਮ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਕੇਦਾਰਨਾਥ ਮੰਦਰ ਦੇ ਉਦਘਾਟਨ ਲਈ ਸ਼ੁਭ ਘੜੀ ਅਤੇ ਤਰੀਕ ਦਾ ਫੈਸਲਾ ਧਾਰਮਿਕ ਗੁਰੂਆਂ ਅਤੇ ਵੇਦਪੀਠਾਂ ਨੇ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਉਖੀਮਠ ਦੇ ਓਮਕਾਰੇਸ਼ਵਰ ਮੰਦਰ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਕੀਤਾ। ਇਸ ਮੌਕੇ ਫੁੱਲਾਂ ਨਾਲ ਸਜੇ ਓਮਕਾਰੇਸ਼ਵਰ ਮੰਦਰ ਵਿੱਚ ਕੇਦਾਰਨਾਥ ਮੰਦਰ ਦੇ ਮੁੱਖ ਪੁਜਾਰੀ ਰਾਵਲ ਭੀਮਸ਼ੰਕਰ ਤੋਂ ਇਲਾਵਾ ਕੇਦਾਰਨਾਥ ਦੀ ਵਿਧਾਇਕ ਆਸ਼ਾ ਨੌਟਿਆਲ, ਮੰਦਰ ਕਮੇਟੀ ਦੇ ਅਧਿਕਾਰੀ ਅਤੇ ਸੈਂਕੜੇ ਸ਼ਰਧਾਲੂ ਵੀ ਮੌਜੂਦ ਸਨ। -ਪੀਟੀਆਈ