Video: Operation Sindoor ਖ਼ਤਮ ਨਹੀਂ ਹੋਇਆ; ਅਜੇ ਟਰੇਲਰ ਦਿਖਾਇਐ, ਪੂਰੀ ਪਿਕਚਰ ਬਾਕੀ ਹੈ: ਰਾਜਨਾਥ
ਭੁੱਜ(ਗੁਜਰਾਤ), 16 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭੁੱਜ ਏਅਰ ਫੋਰਸ ਸਟੇਸ਼ਨ ਦਾ ਦੌਰਾ ਕਰਕੇ ਭਾਰਤੀ ਹਥਿਆਰਬੰਦ ਬਲਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਸਿੰਘ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ‘Operation Sindoor’ ਦੌਰਾਨ ਨਿਭਾਈ ਅਸਰਦਾਰ ਭੂਮਿਕਾ ਨੂੰ ਨਾ ਸਿਰਫ਼ ਭਾਰਤ ਵਿਚ ਬਲਕਿ ਵਿਦੇਸ਼ ਵਿਚ ਵੀ ਸਲਾਹਿਆ ਗਿਆ ਹੈ। ਸਿੰਘ ਨੇ ਕਿਹਾ, ‘‘Operation Sindoor ਅਜੇ ਖ਼ਤਮ ਨਹੀਂ ਹੋਇਆ। ਜੋ ਕੁਝ ਵੀ ਹੁਣ ਤੱਕ ਹੋਇਆ, ਉਹ ਮਹਿਜ਼ ਟਰੇਲਰ ਸੀ। ਜਦੋਂ ਸਹੀ ਸਮਾਂ ਆਇਆ, ਅਸੀਂ ਕੁੱਲ ਆਲਮ ਨੂੰ ਪੂਰੀ ਪਿਕਚਰ ਵੀ ਦਿਖਾ ਦੇਵਾਂਗੇ।’’ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (IMF) ਤੋਂ ਮਿਲਣ ਵਾਲੀ ਰਾਸ਼ੀ ਦਹਿਸ਼ਤੀ ਜਥੇਬੰਦੀਆਂ ਦੀ ਪੁਸ਼ਤ ਪਨਾਹੀ ਲਈ ਖਰਚੀ ਜਾਵੇਗੀ। ਉਨ੍ਹਾਂ ਕਿਹਾ, ‘‘ਪਾਕਿਸਤਾਨ ਨੂੰ ਇਹ ਵਿੱਤੀ ਮਦਦ ਨਹੀਂ ਦਿੱਤੀ ਜਾਣੀ ਚਾਹੀਦੀ। ਅਸੀਂ ਚਾਹੁੰਦੇ ਹਾਂ ਕਿ IMF ਇਸ ਬਾਰੇ ਇਕ ਫਿਰ ਸੋਚ ਵਿਚਾਰ ਕਰੇ।’’
ਇਥੇ ਭੁੱਜ ਏਅਰ ਫੋਰਸ ਸਟੇਸ਼ਨ ਦੀ ਫੇਰੀ ਮੌਕੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ Operation Sindoor ਵਿਚ ਸਾਡੀਆਂ ਹਥਿਆਰਬੰਦ ਫੌਜਾਂ ਨੇ ਨਾ ਸਿਰਫ਼ ਦੁਸ਼ਮਣ ’ਤੇ ਕਾਬੂ ਪਾਇਆ, ਬਲਕਿ ਉਨ੍ਹਾਂ ਨੂੰ ਤਬਾਹ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਕਿਹਾ, ‘‘ਸਾਡੀ ਹਵਾਈ ਫੌਜ ਨੇ ਅਤਿਵਾਦ ਵਿਰੁੱਧ ਇਸ ਮੁਹਿੰਮ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕੀਤੀ। ਸਾਡੀ ਹਵਾਈ ਫੌਜ ਨੇ ਆਪਣੀ ਬਹਾਦਰੀ, ਹਿੰਮਤ ਅਤੇ ਸ਼ਾਨ ਨਾਲ ਨਵੀਆਂ ਅਤੇ ਵੱਡੀਆਂ ਉਚਾਈਆਂ ਨੂੰ ਛੂਹਿਆ ਹੈ।’’
ਉਨ੍ਹਾਂ ਕਿਹਾ ਕਿ ਇਹ ਛੋਟੀ ਗੱਲ ਨਹੀਂ ਹੈ ਕਿ ਸਾਡੀ ਹਵਾਈ ਫੌਜ ਪਾਕਿਸਤਾਨ ਦੇ ਹਰ ਕੋਨੇ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਤੇ Operation Sindoor ਦੌਰਾਨ ਇਹ ਸਾਬਤ ਵੀ ਹੋਇਆ ਹੈ। ਸਿੰਘ ਨੇ ਕਿਹਾ, ‘‘ਪੂਰੀ ਦੁਨੀਆ ਨੇ ਦੇਖਿਆ ਹੈ ਕਿ ਕਿਵੇਂ ਸਾਡੀ ਫੌਜ ਨੇ ਪਾਕਿਸਤਾਨੀ ਧਰਤੀ ’ਤੇ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ। ਉਨ੍ਹਾਂ ਦੇ (ਪਾਕਿਸਤਾਨ) ਬਹੁਤ ਸਾਰੇ ਹਵਾਈ ਅੱਡੇ ਅਸੀਂ ਤਬਾਹ ਕਰ ਦਿੱਤੇ ਸਨ। ਪਾਕਿਸਤਾਨ ਨੇ ਖੁਦ ਬ੍ਰਹਮੋਸ ਮਿਜ਼ਾਈਲ ਦੀ ਸ਼ਕਤੀ ਨੂੰ ਸਵੀਕਾਰ ਕੀਤਾ ਹੈ।’’
ਕਾਬਿਲੇਗੌਰ ਹੈ ਕਿ ਗੁਜਰਾਤ ਦਾ ਭੁੱਜ ਏਅਰ ਫੋਰਸ ਸਟੇਸ਼ਨ ਉਨ੍ਹਾਂ ਕੁਝ ਟਿਕਾਣਿਆਂ ਵਿਚ ਸ਼ੁਮਾਰ ਸੀ, ਜਿਸ ਨੂੰ ਪਾਕਿਸਤਾਨੀ ਫੌਜ ਨੇ ਪਿਛਲੇ ਹਫ਼ਤੇ ਨਿਸ਼ਾਨਾ ਬਣਾਇਆ ਸੀ। ਇਸ ਤੋਂ ਪਹਿਲਾਂ ਸਿੰਘ ਨੇ ਲੰਘੇ ਦਿਨ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਦਾ ਦੌਰਾ ਕੀਤਾ ਸੀ। ਸਿੰਘ ਨੇ ਅੱਜ ਸਵੇਰੇ ਭੁੱਜ ਰਵਾਨਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਸੀ, ‘‘ਨਵੀਂ ਦਿੱਲੀ ਤੋਂ ਭੁੱਜ (ਗੁਜਰਾਤ) ਲਈ ਰਵਾਨਾ ਹੋ ਰਿਹਾ ਹਾਂ। ਭੁੱਜ ਏਅਰ ਫੋਰਸ ਸਟੇਸ਼ਨ ’ਤੇ ਆਪਣੇ ਬਹਾਦਰ ਤੇ ਦਲੇਰ ਹਵਾਈ ਯੋਧਿਆਂ ਨੂੰ ਮਿਲਣ ਲਈ ਉਤਸੁਕ ਹਾਂ।’’ -ਪੀਟੀਆਈ