ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਅਤਿਵਾਦੀ ਹਲਾਕ

ਤਿੰਨ ਹੋਰ ਅਤਿਵਾਦੀਆਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ; ਪਿਛਲੇ ਇਕ ਸਾਲ ਤੋਂ ਲੋੜੀਂਦੇ ਸੀ ਚਾਰੋਂ ਅਤਿਵਾਦੀ
Advertisement

ਜੰਮੂ, 26 ਜੂਨਜੰਮੂ ਕਸ਼ਮੀਰ ਵਿੱਚ ਊਧਮਪੁਰ ਜ਼ਿਲ੍ਹੇ ਦੇ ਇਕ ਜੰਗਲਾਤ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਇਕ ਅਤਿਵਾਦੀ ਹਲਾਕ ਹੋ ਗਿਆ ਜਦਕਿ ਤਿੰਨ ਹੋਰ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾਇਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਮੀਂਹ ਤੇ ਧੁੰਦ ਦਰਮਿਆਨ ਉਨ੍ਹਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਨ੍ਹਾਂ ਅਤਿਵਾਦੀਆਂ ਦੀ ਪਿਛਲੇ ਇਕ ਸਾਲ ਤੋਂ ਭਾਲ ਕੀਤੀ ਜਾ ਰਹੀ ਸੀ।

ਫੌਜ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਜ਼ਿਲ੍ਹੇ ਵਿੱਚ ਬਸੰਤਗੜ੍ਹ ਦੇ ਬਿਹਾਲੀ ਇਲਾਕੇ ਵਿੱਚ ਇਕ ਸੂਹ ਦੇ ਆਧਾਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਇਲਾਕੇ ਵਿੱਚ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Advertisement

ਰੱਖਿਆ ਮੰਤਰਾਲੇ ਦੇ ਇਕ ਤਰਜਮਾਨ ਨੇ ਕਿਹਾ, ‘‘ਭਾਰਤੀ ਫੌਜ ਤੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਚਲਾਏ ਜਾ ਰਹੇ ਇਸ ਸਾਂਝੇ ਅਪਰੇਸ਼ਨ ਵਿੱਚ ਹੁਣ ਤੱਕ ਇਕ ਅਤਿਵਾਦੀ ਹਲਾਕ ਹੋ ਚੁੱਕਾ ਹੈ। ਕਾਰਵਾਈ ਅਜੇ ਵੀ ਜਾਰੀ ਹੈ।’’ ‘ਅਪਰੇਸ਼ਨ ਬਿਹਾਲੀ’ ਕੋਡ ਨਾਮ ਵਾਲਾ ਇਹ ਅਪਰੇਸ਼ਨ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਹਫ਼ਤਾ ਪਹਿਲਾਂ ਸ਼ੁਰੂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਜੰਮੂ ਰੇਂਜ ਦੇ ਆਈਜੀ ਭੀਮ ਸੇਨ ਟੁਟੀ ਨੇ ਇੱਥੇ ਮੀਡੀਆ ਨੂੰ ਦੱਸਿਆ, ‘‘ਅਤਿਵਾਦੀਆਂ ਬਾਰੇ ਸਵੇਰੇ ਕਰੀਬ 8.30 ਵਜੇ ਪਤਾ ਲੱਗਿਆ...ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗਿਣਤੀ ਚਾਰ ਹੈ ਅਤੇ ਅਸੀਂ ਇਸ ਸਮੂਹ ਨੂੰ ਪਿਛਲੇ ਇਕ ਸਾਲ ਤੋਂ ਲੱਭ ਰਹੇ ਸੀ।’’ ਉਨ੍ਹਾਂ ਦੱਸਿਆ ਕਿ ਧੁੰਦ ਹੋਣ ਦੇ ਬਾਵਜੂਦ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਮੌਸਮ ਠੀਕ ਹੋਣ ਤੋਂ ਬਾਅਦ ਹੀ ਅਸਲ ਸਥਿਤੀ ਦਾ ਪਤਾ ਲੱਗੇਗਾ। ਇਸ ਤੋਂ ਪਹਿਲਾਂ, ਸਵੇਰੇ ਜੰਮੂ ਸਥਿਤ ਫੌਜ ਦੀ ‘ਵ੍ਹਾਈਟ ਨਾਈਟ ਕੋਰ’ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ ਸੀ, ‘‘ਪੱਕੀ ਸੂਹ ਦੇ ਆਧਾਰ ’ਤੇ ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲੀਸ ਨੇ ਬਸੰਤਗੜ੍ਹ ਦੇ ਬਿਹਾਲੀ ਇਲਾਕੇ ਵਿੱਚ ਸਾਂਝੀ ਮੁਹਿੰਮ ਸ਼ੁਰੂ ਕੀਤੀ। ਅਤਿਵਾਦੀਆਂ ਨਾਲ ਮੁਕਾਬਲਾ ਹੋਇਆ। ਮੁਹਿੰਮ ਜਾਰੀ ਹੈ।’’ -ਪੀਟੀਆਈ

 

ਚਾਰੋਂ ਅਤਿਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਹੋਣ ਦਾ ਦਾਅਵਾ

ਅਧਿਕਾਰੀਆਂ ਨੇ ਦੱਸਿਆ ਕਿ ਇਹ ਚਾਰੋਂ ਅਤਿਵਾਦੀ ਪਾਕਿਸਤਾਨ ਆਧਾਰਿਤ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ। ਫੌਜ ਦੇ ਪੈਰਾ ਕਮਾਂਡੋਜ਼ ਦੀ ਅਗਵਾਈ ਵਿੱਚ ਸਾਂਝੀ ਤਲਾਸ਼ੀ ਪਾਰਟੀ ਨੇ ਕਰੂਰਾ ਨਾਲਾ ਨੇੜੇ ਉਨ੍ਹਾਂ ਨੂੰ ਲੁਕੇ ਹੋਏ ਦੇਖਿਆ ਤਾਂ ਦੋਵੇਂ ਪਾਸਿਓਂ ਹੋਈ ਗੋਲੀਬਾਰੀ ’ਚ ਇਕ ਅਤਿਵਾਦੀ ਹਲਾਕ ਹੋ ਗਿਆ ਜਦਕਿ ਤਿੰਨ ਹੋਰਾਂ ਦੀ ਭਾਲ ਜਾਰੀ ਹੈ।

 

 

 

Advertisement