ਦਸ ਸਾਲ ਦੇ ਬੱਚੇ ਖੁਦ ਚਲਾ ਸਕਣਗੇ ਆਪਣਾ ਬੈਂਕ ਖਾਤਾ, ਆਰਬੀਆਈ ਨੇ ਦਿੱਤੀ ਹਰੀ ਝੰਡੀ
RBI permits minors above 10 years to operate bank accounts independently
ਮੁੰਬਈ, 21 ਅਪਰੈਲ
ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਨੂੰ ਦਸ ਸਾਲ ਤੋਂ ਵੱਧ ਉਮਰ ਦੇ ਨਾਬਾਲਗਾਂ ਨੂੰ ਸੁਤੰਤਰ ਤੌਰ ’ਤੇ ਬੱਚਤ/ਮਿਆਦੀ ਜਮ੍ਹਾਂ ਖਾਤਾ ਖੋਲ੍ਹਣ ਤੇ ਚਲਾਉਣ ਦੀ ਖੁੱਲ੍ਹ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇੇਂਦਰੀ ਬੈਂਕ ਨੇ ਨਾਬਾਲਗਾਂ ਦੇ ਜਮ੍ਹਾਂ ਖਾਤੇ ਖੋਲ੍ਹਣ ਅਤੇ ਚਲਾਉਣ ਬਾਰੇ ਸੋਧੇ ਹੋਏ ਨਿਰਦੇਸ਼ ਜਾਰੀ ਕੀਤੇ ਹਨ।
ਆਰਬੀਆਈ ਨੇ ਵਪਾਰਕ ਬੈਂਕਾਂ ਤੇ ਸਹਿਕਾਰੀ ਬੈਂਕਾਂ ਲਈ ਜਾਰੀ ਸਰਕੂਲਰ ਵਿਚ ਕਿਹਾ ਕਿ ਕਿਸੇ ਵੀ ਉਮਰ ਦੇ ਨਾਬਾਲਗਾਂ ਨੂੰ ਆਪਣੇ ਕੁਦਰਤੀ ਜਾਂ ਕਾਨੂੰਨੀ ਸਰਪ੍ਰਸਤ ਰਾਹੀਂ ਬੱਚਤ ਅਤੇ ਮਿਆਦੀ ਜਮ੍ਹਾਂ ਖਾਤੇ ਖੋਲ੍ਹਣ ਅਤੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੀ ਮਾਂ ਨੂੰ ਸਰਪ੍ਰਸਤ ਵਜੋਂ ਰੱਖ ਕੇ ਅਜਿਹੇ ਖਾਤੇ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਸਰਕੁਲਰ ਵਿਚ ਕਿਹਾ ਗਿਆ ਕਿ ਬਾਲਗ ਹੋਣ ’ਤੇ ਖਾਤਾਧਾਰਕ ਦੇ ਨਵੇਂ ਸਿਰਿਓਂ ਨਮੂਨਾ ਦਸਤਖਤ ਪ੍ਰਾਪਤ ਕਰਕੇ ਰਿਕਾਰਡ ’ਤੇ ਰੱਖੇ ਜਾਣੇ ਚਾਹੀਦੇ ਹਨ। ਸਰਕੁਲਰ ਮੁਤਾਬਕ, ‘‘ਬੈਂਕ ਨਾਬਾਲਗ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਜੋਖ਼ਮ ਪ੍ਰਬੰਧਨ ਨੀਤੀ, ਉਤਪਾਦ ਅਨੁਕੂਲਤਾ ਅਤੇ ਗਾਹਕ ਅਨੁਕੂਲਤਾ ਦੇ ਆਧਾਰ ’ਤੇ ਇੰਟਰਨੈਟ ਬੈਂਕਿੰਗ, ਏਟੀਐਮ/ਡੈਬਿਟ ਕਾਰਡ, ਚੈੱਕ ਬੁੱਕ ਸਹੂਲਤ ਆਦਿ ਵਰਗੀਆਂ ਵਾਧੂ ਬੈਂਕਿੰਗ ਸਹੂਲਤਾਂ ਦੀ ਪੇਸ਼ਕਸ਼ ਕਰਨ ਲਈ ਸੁਤੰਤਰ ਹਨ।’’
ਹਾਲਾਂਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਾਬਾਲਗਾਂ ਦੇ ਖਾਤੇ, ਭਾਵੇਂ ਉਹ ਸੁਤੰਤਰ ਤੌਰ ’ਤੇ ਚਲਾਏ ਜਾਂਦੇ ਹਨ ਜਾਂ ਕਿਸੇ ਸਰਪ੍ਰਸਤ ਵੱਲੋਂ, ਵਿਚ ਓਵਰਡਰਾਅ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਹਮੇਸ਼ਾ ਕਰੈਡਿਟ ਬੈਲੰਸ ਵਿੱਚ ਰਹਿਣਗੇ। ਇਸ ਤੋਂ ਇਲਾਵਾ, ਬੈਂਕ ਨਾਬਾਲਗਾਂ ਦੇ ਜਮ੍ਹਾਂ ਖਾਤੇ ਖੋਲ੍ਹਣ ਲਈ ਲੋੜੀਂਦੀ ਮਿਹਨਤ ਕਰਨਗੇ। ਆਰਬੀਆਈ ਨੇ ਬੈਂਕਾਂ ਨੂੰ 1 ਜੁਲਾਈ, 2025 ਤੱਕ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੀਆਂ ਨੀਤੀਆਂ ਬਣਾਉਣ ਜਾਂ ਮੌਜੂਦਾ ਨੀਤੀਆਂ ਵਿੱਚ ਸੋਧ ਕਰਨ ਲਈ ਕਿਹਾ ਹੈ। -ਪੀਟੀਆਈ

