Telangana tunnel collapse: ਤਿਲੰਗਾਨਾ: ਸੁਰੰਗ ’ਚ ਫਸੇ ਚਾਰ ਵਿਅਕਤੀਆਂ ਦੇ ਟਿਕਾਣੇ ਦਾ ਪਤਾ ਲੱਗਾ
Tunnel collapse: Whereabouts of four trapped men located, min says survival chance 'one per cent'
ਨਾਗਰਕੁਰਨੂਲ, 1 ਮਾਰਚ
ਨਾਗਰਕੁਰਨੂਲ (ਤਿਲੰਗਾਨਾ), 1 ਮਾਰਚ
ਤਿਲੰਗਾਨਾ ਵਿੱਚ ਸੁਰੰਗ ਢਹਿਣ ਕਾਰਨ ਫਸੇ ਕੁੱਲ ਅੱਠ ਵਿਅਕਤੀਆਂ ’ਚੋਂ ਚਾਰ ਦੇ ਟਿਕਾਣੇ ਦਾ ਪਤਾ ਲੱਗ ਗਿਆ ਹੈ। ਸੂਬੇ ਦੇ ਆਬਕਾਰੀ ਮਾਮਲਿਆਂ ਬਾਰੇ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਨੇ ਅੱਜ ਇਹ ਜਾਣਕਾਰੀ ਦਿੱਤੀ। ਸਿੰਜਾਈ ਮੰਤਰੀ ਐੱਨ. ਉੱਤਮ ਕੁਮਾਰ ਰੈੱਡੀ ਨਾਲ ਬਚਾਅ ਕਾਰਜਾਂ ਵਿੱਚ ਸ਼ਾਮਲ ਅਧਿਕਾਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਰਾਓ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿੱਚ ਬਚਾਅ ਕਾਰਜ ਕਾਫੀ ਅੱਗੇ ਵਧੇ ਹਨ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਰਡਾਰ ਰਾਹੀਂ ਚਾਰ ਵਿਅਕਤੀਆਂ ਦੀ ਸਥਿਤੀ ਬਾਰੇ ਪਤਾ ਲਾਇਆ ਗਿਆ ਹੈ।’ ਉਨ੍ਹਾਂ ਉਮੀਦ ਪ੍ਰਗਟਾਈ ਕਿ ਐਤਵਾਰ ਸ਼ਾਮ ਤੱਕ ਉਨ੍ਹਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਾਰ ਹੋਰ ਵਿਅਕਤੀ ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ਦੇ ਹੇਠਾਂ ਫਸੇ ਲੱਗਦੇ ਹਨ।’’
ਐੱਸਐਲਬੀਸੀ ਦੀ ਅੰਸ਼ਕ ਤੌਰ ’ਤੇ ਟੁੱਟੀ ਹੋਈ ਸੁਰੰਗ ਹੇਠ ਫਸੇ ਅੱਠ ਮਜ਼ਦੂਰਾਂ ਨੂੰ ਕੱਢਣ ਵਿੱਚ ਲੱਗੀਆਂ ਬਚਾਅ ਟੀਮਾਂ ਫਸੇ ਹੋਏ ਵਿਅਕਤੀਆਂ ਤੱਕ ਪਹੁੰਚਣ ਦਾ ਰਾਹ ਬਣਾਉਣ ਲਈ ਟਨਲ ਬੋਰਿੰਗ ਮਸ਼ੀਨ (ਟੀਬੀਐਮ) ਨੂੰ ਕੱਟ ਰਹੀਆਂ ਹਨ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਬਚਾਅ ਕਾਰਜ ਇੱਕ ਹਫ਼ਤੇ ਤੋਂ ਜਾਰੀ ਹਨ।
ਨਾਗਰਕੁਰਨੂਲ ਦੇ ਪੁਲੀਸ ਸੁਪਰਡੈਂਟ ਵੈਭਵ ਗਾਇਕਵਾੜ ਨੇ ਅੱਜ ਸਵੇਰੇ ਕਿਹਾ ਕਿ ਐੱਨਡੀਆਰਐੱਫ, ਸੈਨਾ, ਰਾਜ ਵੱਲੋਂ ਸੰਚਾਲਿਤ ਮਾਈਨਰ ਸਿੰਗਰੇਨੀ ਕੋਲੀਅਰੀਜ਼, ਰੈਟ ਮਾਈਨਰਜ਼ ਅਤੇ ਹੋਰ ਏਜੰਸੀਆਂ ਦੇ ਕਰਮਚਾਰੀਆਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਐੱਸਪੀ ਨੇ ਪੀਟੀਆਈ ਨੂੰ ਦੱਸਿਆ ਕਿ ਪਾਣੀ ਕੱਢਣ ਅਤੇ ਮਲਬਾ ਹਟਾਉਣ ਦੀ ਪ੍ਰਕਿਰਿਆ ਵੀ ਨਾਲੋ-ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗੇ ਦਾ ਰਸਤਾ ਸਾਫ਼ ਕਰਨ ਲਈ ਟੀਬੀਐਮ ਦੇ ਹਿੱਸੇ ਵੀ ਕੱਟੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਤੋਂ ਬਾਅਦ SLBC ਸੁਰੰਗ ਪ੍ਰੋਜੈਕਟ ’ਤੇ ਕੰਮ ਕਰ ਰਹੇ ਅੱਠ ਵਿਅਕਤੀ ਉਥੇ ਫਸ ਗਏ ਸਨ। ਪਿਛਲੇ ਕੁਝ ਦਿਨਾਂ ਤੋਂ ਆਰਮੀ, ਨੇਵੀ, ਸਿੰਗਾਰੇਨੀ ਕੋਲੀਅਰੀਜ਼ ਅਤੇ ਹੋਰ ਏਜੰਸੀਆਂ ਦੇ 500 ਤੋਂ ਵੱਧ ਕਰਮਚਾਰੀਆਂ ਦੀ ਟੀਮਾਂ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਈਆਂ ਹਨ। ਸੁਰੰਗ ਵਿਚ ਫਸੇ ਅੱਠ ਵਿਅਕਤੀਆਂ ਵਿੱਚੋਂ ਦੋ ਇੰਜੀਨੀਅਰ, ਦੋ ਆਪਰੇਟਰ ਹਨ ਅਤੇ ਬਾਕੀ ਚਾਰ ਝਾਰਖੰਡ ਦੇ ਮਜ਼ਦੂਰ ਹਨ। -ਪੀਟੀਆਈ