ਟੈਰਿਫ ਦੀ ਬਦੌਲਤ ਭਾਰਤ-ਪਾਕਿ ਜੰਗ ਰੁਕੀ: ਟਰੰਪ
ਭਾਰਤ-ਪਾਕਿ ਜੰਗ ’ਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਮੁਡ਼ ਟਿੱਪਣੀ
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਦੇ ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਟੈਰਿਫ ਨੂੰ ਜੰਗ ਰੋਕਣ ਦਾ ਉਪਾਅ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ’ਚ ਹਾਲ ਹੀ ਵਿੱਚ ਛਿੜੀ ਜੰਗ ਦੌਰਾਨ ਉਨ੍ਹਾਂ ਵੱਲੋਂ ਦੋਵਾਂ ਮੁਲਕਾਂ ਨਾਲ ਕੀਤੀ ਗਈ ਗੱਲਬਾਤ ਕਾਫ਼ੀ ਪ੍ਰਭਾਵਸ਼ਾਲੀ ਸੀ। ਰਾਸ਼ਟਰਪਤੀ ਟਰੰਪ ਨੇ ਓਵਲ ਹਾਊਸ ਵਿੱਚ ਅੱਜ ਕਿਹਾ,‘ਅਮਰੀਕਾ ਲਈ ਟੈਰਿਫ ਅਹਿਮ ਹਨ। ਟੈਰਿਫ ਕਾਰਨ ਅਸੀਂ ਸ਼ਾਂਤੀ ਦੂਤ ਬਣ ਗਏ ਹਾਂ। ਇਨ੍ਹਾਂ ਨਾਲ ਅਸੀਂ ਨਾ ਸਿਰਫ਼ ਅਰਬਾਂ ਡਾਲਰ ਕਮਾਉਂਦੇ ਹਾਂ ਬਲਕਿ ਇਨ੍ਹਾਂ ਕਾਰਨ ਹੀ ਅਸੀਂ ਸ਼ਾਂਤੀ ਦੂਤ ਬਣ ਗਏ ਹਾਂ।’ ਸ੍ਰੀ ਟਰੰਪ ਨੇ ਕਿਹਾ ਕਿ ਜੇ ਉਨ੍ਹਾਂ ਟੈਰਿਫ ਦੀ ਸ਼ਕਤੀ ਦੀ ਵਰਤੋਂ ਨਾ ਕੀਤੀ ਹੁੰਦੀ ਤਾਂ ਹਾਲੇ ਵੀ ਚਾਰ ਜੰਗਾਂ ਚੱਲ ਰਹੀਆਂ ਹੁੰਦੀਆਂ। ਉਨ੍ਹਾਂ ਕਿਹਾ,‘ਮੈਂ ਟੈਰਿਫ ਦੀ ਵਰਤੋਂ ਜੰਗਾਂ ਰੋਕਣ ਲਈ ਕਰਦਾ ਹਾਂ। ਜੇਕਰ ਤੁਸੀਂ ਭਾਰਤ ਤੇ ਪਾਕਿਸਤਾਨ ਵੱਲ ਦੇਖੋ ਤਾਂ ਉਹ ਜੰਗ ਲਈ ਤਿਆਰ ਸਨ। ਸੱਤ ਜਹਾਜ਼ ਡੇਗੇ ਜਾ ਚੁੱਕੇ ਸਨ। ਉਹ ਪਰਮਾਣੂ ਸ਼ਕਤੀ ਸੰਪੰਨ ਤਾਕਤਾਂ ਹਨ।’ ਉਨ੍ਹਾਂ ਕਿਹਾ,‘ਮੈਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਅਸਲ ’ਚ ਕੀ ਕਿਹਾ ਪਰ ਮੈਂ ਜੋ ਕਿਹਾ, ਉਹ ਕਾਫ਼ੀ ਪ੍ਰਭਾਵਸ਼ਾਲੀ ਸੀ। ਦੋਵਾਂ ਮੁਲਕਾਂ ਨੇ ਜੰਗ ਰੋਕ ਦਿੱਤੀ।’ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਤੀਜੀ ਧਿਰ ਦੇ ਦਖ਼ਲ ਦੀ ਗੱਲ ਤੋਂ ਭਾਰਤ ਨੇ ਲਗਾਤਾਰ ਇਨਕਾਰ ਕੀਤਾ ਹੈ। ਭਾਰਤ ਨੇ ਬੀਤੀ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੇ ਜੁਆਬ ’ਚ 7 ਮਈ ਨੂੰ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਅਪਰੇਸ਼ਨ ‘ਸਿੰਧੂਰ’ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਸਰਹੱਦ ਪਾਰ ਤੋਂ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਚਾਰ ਦਿਨਾਂ ਮਗਰੋਂ 10 ਮਈ ਨੂੰ ਜੰਗ ਖ਼ਤਮ ਕਰਨ ਲਈ ਸਹਿਮਤ ਹੋਏ ਸਨ। ਭਾਰਤ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨਾਲ ਗੋਲੀਬੰਦੀ ਦਾ ਫ਼ੈਸਲਾ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਦੇ ਡਾਇਰੈਕਟਰ ਜਨਰਲਾਂ ਵਿਚਾਲੇ ਹੋਈ ਸਿੱਧੀ ਗੱਲਬਾਤ ਮਗਰੋਂ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਸਦ ਵਿੱਚ ਸਪੱਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਮੁਲਕ ਦੇ ਆਗੂ ਨੇ ਭਾਰਤ ਨੂੰ ਅਪਰੇਸ਼ਨ ‘ਸਿੰਧੂਰ’ ਰੋਕਣ ਲਈ ਨਹੀਂ ਕਿਹਾ ਸੀ।
Advertisement
Advertisement