DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tariff war ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਕਰੜੇ ਟੈਕਸ ਲਾਏ

ਕੈਨੇਡਾ ਤੇ ਮੈਕਸਿਕੋ ਵੱਲੋਂ ਜਵਾਬੀ ਕਾਰਵਾਈ; ਵਪਾਰਕ ਜੰਗ ਦਾ ਖ਼ਦਸ਼ਾ ਬਣਿਆ
  • fb
  • twitter
  • whatsapp
  • whatsapp
Advertisement

ਪਾਮ ਬੀਚ(ਅਮਰੀਕਾ)/ਓਟਵਾ, 2 ਫਰਵਰੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ, ਕੈਨੇਡਾ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਕਰੜੇ ਟੈਕਸ ਲਗਾਉਣ ਸਬੰਧੀ ਇਕ ਹੁਕਮ ’ਤੇ ਸ਼ਨਿਚਰਵਾਰ ਨੂੰ ਸਹੀ ਪਾਈ ਹੈ। ਉਧਰ ਉੱਤਰੀ ਅਮਰੀਕੀ ਗੁਆਂਢੀ ਮੁਲਕਾਂ (ਕੈਨੇਡਾ ਤੇ ਮੈਕਸਿਕੋ) ਵੱਲੋਂ ਵਾਰੀ ਦੇ ਵੱਟੇ ਤਹਿਤ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਨਾਲ ਵਪਾਰਕ ਜੰਗ ਦਾ ਖ਼ਦਸ਼ਾ ਵਧ ਗਿਆ ਹੈ। ਇਸ ਦੌਰਾਨ ਚੀਨ ਨੇ ਟਰੰਪ ਦੀ ਇਸ ਪੇਸ਼ਕਦਮੀ ਨੂੰ ਲੈ ਕੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Advertisement

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਲਾਏ ਟੈਕਸਾਂ ਨੂੰ ‘ਅਮਰੀਕੀਆਂ ਦੀ ਸੁਰੱਖਿਆ ਲਈ’ ਜ਼ਰੂਰੀ ਦੱਸਿਆ ਹੈ। ਟਰੰਪ ਨੇ ਤਿੰਨਾਂ ਮੁਲਕਾਂ ’ਤੇ ‘ਫੇਂਟੇਨਾਈਲ’ (ਦਰਦ ਤੋਂ ਆਰਾਮ ਦੇਣ ਵਾਲੀ ਦਵਾਈ) ਦੇ ਗੈਰਕਾਨੂੰਨੀ ਨਿਰਮਾਣ ਤੇ ਬਰਾਮਦ ਉੱਤੇ ਪਾਬੰਦੀ ਲਾਉਣ ਅਤੇ ਕੈਨੇਡਾ ਤੇ ਮੈਕਸਿਕੋ ਉੱਤੇ ਅਮਰੀਕਾ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਦਬਾਅ ਪਾਇਆ ਹੈ।

ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਇਨ੍ਹਾਂ ਮੁਲਕਾਂ ’ਤੇ ਟੈਕਸ ਲਾਉਣ ਦੀ ਗੱਲ ਕਹੀ ਸੀ ਤੇ ਇਸ ਦਿਸ਼ਾ ਵਿਚ ਪੇਸ਼ਕਦਮੀ ਕਰਕੇ ਉਨ੍ਹਾਂ ਆਪਣਾ ਇਕ ਵਾਅਦਾ ਤਾਂ ਪੂਰਾ ਕਰ ਦਿੱਤਾ ਹੈ। ਹਾਲਾਂਕਿ ਇਸ ਨਾਲ ਆਲਮੀ ਅਰਥਚਾਰੇ ਵਿਚ ਚੱਕ-ਥੱਲ ਹੋਣ ਦਾ ਖ਼ਦਸ਼ਾ ਹੈ। ਇਹ ਟੈਕਸ ਲਗਾਉਣ ਨਾਲ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ।

ਟਰੰਪ ਨੇ ਚੀਨ ਤੋਂ ਹਰ ਤਰ੍ਹਾਂ ਦੇ ਸਾਮਾਨ ਦੀ ਦਰਾਮਦ ’ਤੇ 10 ਫੀਸਦ ਅਤੇ ਮੈਕਸਿਕੋ ਤੇ ਕੈਨੇਡਾ ਤੋਂ ਹੁੰਦੀ ਦਰਾਮਦ ’ਤੇ 25 ਫੀਸਦ ਟੈਕਸ ਲਗਾਉਣ ਲਈ ਆਰਥਿਕ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕੈਨੇਡਾ ਤੋਂ ਦਰਾਮਦ ਤੇਲ, ਕੁਦਰਤੀ ਗੈਸ ਤੇ ਬਿਜਲੀ ਸਣੇ ਊਰਜਾ ’ਤੇ 10 ਫੀਸਦ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ। ਇਸ ਕਾਰਵਾਈ ਨਾਲ ਅਮਰੀਕਾ ਅਤੇ ਉਸ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਦਰਮਿਆਨ ਆਰਥਿਕ ਜਮੂਦ ਪੈਦਾ ਹੋ ਗਿਆ ਹੈ।

ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ 155 ਅਰਬ ਡਾਲਰ ਤੱਕ ਦੀ ਅਮਰੀਕੀ ਦਰਾਮਦ ’ਤੇ 25 ਫੀਸਦ ਟੈਕਸ ਲਗਾਏਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਮਰੀਕੀ ਸ਼ਰਾਬ ਤੇ ਫ਼ਲਾਂ ਦੇ 30 ਅਰਬ ਡਾਲਰ ਦੇ ਵਪਾਰ ’ਤੇ ਕੈਨੇਡਿਆਈ ਟੈਕਸ ਮੰਗਲਵਾਰ ਨੂੰ ਉਸੇ ਵੇਲੇ ਲਾਗੂ ਹੋ ਜਾਵੇਗਾ, ਜਦੋਂ ਅਮਰੀਕੀ ਟੈਕਸ ਅਮਲ ਵਿਚ ਆਉਣਗੇ। ਉਨ੍ਹਾਂ ਕਿਹਾ, ‘‘ਇਸ ਦਾ ਅਮਰੀਕੀ ਲੋਕਾਂ ’ਤੇ ਹਕੀਕੀ ਰੂਪ ਵਿਚ ਅਸਰ ਪਏਗਾ।’’ ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਕਰਿਆਣੇ ਦਾ ਸਾਮਾਨ ਤੇ ਹੋਰ ਵਸਤਾਂ ਦੀਆਂ ਕੀਮਤਾਂ ਵਧਣਗੀਆਂ।

ਟਰੂਡੋ ਨੇ ਅਮਰੀਕੀਆਂ ਨੂੰ ਚੇਤੇ ਕਰਵਾਇਆ ਕਿ ਕੈਨੇਡਿਆਈ ਫੌਜੀਆਂ ਨੇ ਅਫ਼ਗ਼ਾਨਿਸਤਾਨ ਵਿਚ ਉਨ੍ਹਾਂ ਨਾਲ ਲੜਾਈ ਲੜੀ ਸੀ ਅਤੇ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਲੈ ਕੇ ‘ਕੈਟਰੀਨਾ’ ਤੂਫਾਨ ਤੱਕ ਹੋਰ ਕਈ ਸੰਕਟਾਂ ਨਾਲ ਨਜਿੱਠਣ ਵਿਚ ਮਦਦ ਕੀਤੀ ਸੀ। ਟਰੂਡੋ ਨੇ ਕਿਹਾ, ‘‘ਵ੍ਹਾਈਟ ਹਾਊਸ ਦੀ ਅੱਜ ਦੀ ਕਾਰਵਾਈ ਨੇ ਸਾਨੂੰ ਇਕਜੁੱਟ ਕਰਨ ਦੀ ਥਾਂ ਵੱਖ ਕਰ ਦਿੱਤਾ ਹੈ।’’

ਇਸ ਦੌਰਾਨ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਨੇ ਵੀ ਜਵਾਬੀ ਕਾਰਵਾਈ ਵਿਚ ਟੈਕਸ ਲਗਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਬਾਰੇ ਸਕੱਤਰ ਨੂੰ ਜਵਾਬੀ ਕਾਰਵਾਈ ਲਈ ਆਖ ਦਿੱਤਾ ਹੈ, ਜਿਸ ਵਿਚ ਮੈਕਸਿਕੋ ਦੇ ਹਿੱਤਾਂ ਦੀ ਰਾਖੀ ਲਈ ਟੈਕਸ ਲਗਾਉਣਾ ਤੇ ਹੋਰ ਪੇਸ਼ਕਦਮੀ ਸ਼ਾਮਲ ਹੈ। -ਏਪੀ

Advertisement
×