ਵਪਾਰ ਸੌਦੇ ਨੂੰ ਲੈ ਕੇ ਅਮਰੀਕਾ ਨਾਲ ਗੱਲਬਾਤ ਜਾਰੀ: ਭਾਰਤ
ਨਵੀਂ ਦਿੱਲੀ, 21 ਮਾਰਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਸਣੇ ਹੋਰਨਾਂ ਮੁਲਕਾਂ ਨੂੰ 2 ਅਪਰੈਲ ਤੋਂ ‘ਜਵਾਬੀ ਟੈਕਸ’ ਲਾਉਣ ਦੇ ਕੀਤੇ ਐਲਾਨ ਦਰਮਿਆਨ ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਵੱਲੇ ਵਪਾਰ ਸਮਝੌਤੇ ਤਹਿਤ ਇਕ ਢਾਂਚਾ ਵਿਕਸਤ ਕਰਨ ਨੂੰ ਲੈ ਕੇ ਵਾਸ਼ਿੰਗਟਨ ਨਾਲ ਉਸ ਦੀ ਗੱਲਬਾਤ ਜਾਰੀ ਹੈ, ਜੋ ਟੈਕਸ ਅਤੇ ਬਾਜ਼ਾਰ ਪਹੁੰਚ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰੇਗੀ।
ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਭਾਰਤ ਦੋਵਾਂ ਧਿਰਾਂ ਲਈ ਲਾਭਕਾਰੀ ਵਪਾਰ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ‘ਵੱਖ-ਵੱਖ ਪੱਧਰਾਂ’ ਉੱਤੇ ਅਮਰੀਕੀ ਪ੍ਰਸ਼ਾਸਨ ਦੇ ਸੰਪਰਕ ਵਿਚ ਹੈ।
ਜੈਸਵਾਲ ਨੇ ਹਾਲਾਂਕਿ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਭਾਰਤ 2 ਅਪਰੈਲ ਤੋਂ ਲਾਗੂ ਹੋਣ ਵਾਲੇ ਟਰੰਪ ਦੇ ‘ਜਵਾਬੀ ਟੈਕਸ’ ਤੋਂ ਕਿਸੇ ਕਿਸਮ ਦੀ ਛੋਟ ਦੀ ਉਮੀਦ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਸੀ ਕਿ ਵਾਸ਼ਿੰਗਟਨ ਭਾਰਤ ਨੂੰ ਨਵੇਂ ਟੈਕਸ ਪ੍ਰਬੰਧ ਤੋਂ ਕੋਈ ਛੋਟ ਨਹੀਂ ਦੇਵੇਗਾ। ਜੈਸਵਾਲ ਨੇ ਕਿਹਾ, ‘‘ਭਾਰਤ ਤੇ ਅਮਰੀਕਾ ਦੁਵੱਲੀ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣ ਦੇ ਅਮਲ ਵਿਚ ਹਨ।’’ -ਪੀਟੀਆਈ