ਸੱਤ ਅਰਬ ਡਾਲਰ ਦੇ ਕਰਜ਼ੇ ਨੂੰ ਅਮਲੀ ਰੂਪ ਦੇਣ ਲਈ ਪਾਕਿਸਤਾਨ ਤੇ ਆਈਐੱਮਐੱਫ ਵਿਚਾਲੇ ਗੱਲਬਾਤ ਸ਼ੁਰੂ
ਕੌਮਾਂਤਰੀ ਮੁਦਰਾ ਫੰਡ (IMF) ਦੇ ਮਿਸ਼ਨ ਨੇ ਪਾਕਿਸਤਾਨ ਦੀ ਆਰਥਿਕ ਟੀਮ ਨਾਲ 7 ਅਰਬ ਡਾਲਰ ਦੇ ਕਰਜ਼ੇ ਨੂੰ ਲੈ ਕੇ ਰਸਮੀ ਬੈਠਕ ਕੀਤੀ ਹੈ। ਬੈਠਕ ਵਿਚ ਸੱਤ ਅਰਬ ਡਾਲਰ ਦੇ ਕਰਜ਼ੇ ਤੇ 1.1 ਅਰਬ ਡਾਲਰ ਦੀ ਸਹੂਲਤ ਨੂੰ ਅਮਲੀ ਰੂਪ ਦੇਣ ਦੀ ਸਮੀਖਿਆ ਕੀਤੀ ਗਈ।
ਰੋਜ਼ਨਾਮਚਾ ‘ਡਾਅਨ’ ਦੀ ਖ਼ਬਰ ਮੁਤਾਬਕ ਇਹ ਬੈਠਕ ਅਜਿਹੇ ਮੌਕੇ ਕੀਤੀ ਗਈ ਹੈ ਜਦੋਂ ਜੂਨ 2025 ਦੇ ਅਖੀਰ ਤੱਕ (ਜੋ ਸਮੀਖਿਆ ਅਧੀਨ ਅਰਸਾ ਹੈ) ਇਸ ਪ੍ਰੋਗਰਾਮ ਅਧੀਨ ਪਾਕਿਸਤਾਨ ਦੀ ਕਾਰਗੁਜ਼ਾਰੀ ਰਲਵੀਂ ਮਿਲਵੀਂ ਰਹੀ ਹੈ।
ਆਈਐੱਮਐੱਫ ਵਿਚ ਪਾਕਿਸਤਾਨੀ ਮਿਸ਼ਨ ਦੀ ਪ੍ਰਮੁੱਖ ਈਵਾ ਪੇਤਰੋਵਾ ਦੀ ਅਗਵਾਈ ਵਿਚ ਇਕ ਟੀਮ ਨੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੀ ਅਗਵਾਈ ਵਾਲੀ ਪਾਕਿਸਤਾਨੀ ਵਫ਼ਦ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ।
ਇਸ ਵਿਚ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ, ਵਿੱਤ ਸਕੱਤਰ ਤੇ ਸੰਘੀ ਰੈਵੇਨਿਊ ਬੋਰਡ (FBR) ਦੇ ਚੇਅਰਮੈਨ ਸਣੇ ਪ੍ਰਮੁੱਖ ਆਰਥਿਕ ਭਾਈਵਾਲਾਂ ਨੇ ਸ਼ਮੂਲੀਅਤ ਕੀਤੀ।
ਇਹ ਮਿਸ਼ਨ ਦੋ ਹਫ਼ਤਿਆਂ ਤੱਕ ਪਾਕਿਸਤਾਨ ਵਿਚ ਰਹੇਗਾ ਅਤੇ ਸੱਤ ਅਰਬ ਅਮਰੀਕੀ ਡਾਲਰ ਦੀ ਵਿਸਥਾਰਤ ਫਾਇਨਾਂਸ ਫੈਸਿਲਟੀ(EFF) ਤੇ 1.1 ਅਰਬ ਅਮਰੀਕੀ ਡਾਲਰ ਦੀ ਲਚਕਦਾਰ ਤੇ ਸਥਿਰ ਸਹੂਲਤ (RSF) ਨੂੰ ਲਾਗੂ ਕਰਨ ਦੀ ਸਮੀਖਿਆ ਕਰੇਗਾ।