DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਰੀਆ: ਦੋ ਦਿਨ ਦੀ ਹਿੰਸਾ ’ਚ ਮ੍ਰਿਤਕਾਂ ਦੀ ਗਿਣਤੀ ਹਜ਼ਾਰ ਤੋਂ ਟੱਪੀ

ਮ੍ਰਿਤਕਾਂ ਵਿੱਚ 750 ਆਮ ਨਾਗਰਿਕ ਸ਼ਾਮਲ ; ਲਤਾਕੀਆ ੲਿਲਾਕੇ ਵਿੱਚ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ
  • fb
  • twitter
  • whatsapp
  • whatsapp
featured-img featured-img
ਹਿੰਸਾ ਪ੍ਰਭਾਵਿਤ ਲਤਾਕੀਆ ਵੱਲ ਰਵਾਨਾ ਹੁੰਦੇ ਹੋਏ ਸੀਰਿਆਈ ਫ਼ੌਜ ਦੇ ਜਵਾਨ। -ਫੋਟੋ: ਰਾਇਟਰਜ਼
Advertisement

ਬੈਰੂਤ, 9 ਮਾਰਚ

ਸੀਰੀਆ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਵਫ਼ਾਦਾਰਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਦੋ ਦਿਨਾਂ ਤੱਕ ਜਾਰੀ ਝੜਪਾਂ ਅਤੇ ਉਸ ਤੋਂ ਬਾਅਦ ਜਵਾਬੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਗਈ ਹੈ। ਮ੍ਰਿਤਕਾਂ ਵਿੱਚ ਲਗਪਗ 750 ਆਮ ਨਾਗਰਿਕ ਹਨ। ਮਨੁੱਖੀ ਅਧਿਕਾਰ ਸੰਗਠਨ ਨੇ ਇਹ ਜਾਣਕਾਰੀ ਦਿੱਤੀ। ਸੀਰੀਆ ਵਿੱਚ 14 ਸਾਲ ਪਹਿਲਾਂ ਸ਼ੁਰੂ ਹੋਏ ਸੰਘਰਸ਼ ਮਗਰੋਂ ਇਹ ਹਿੰਸਾ ਦੀਆਂ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ ਹੈ। ਬਰਤਾਨੀਆ ਸਥਿਤ ‘ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਕਿਹਾ ਕਿ 745 ਨਾਗਰਿਕਾਂ ਤੋਂ ਇਲਾਵਾ ਸਰਕਾਰੀ ਸੁਰੱਖਿਆ ਬਲਾਂ ਦੇ 125 ਮੈਂਬਰ ਅਤੇ ਗੱਦੀਓਂ ਲਾਹੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨਾਲ ਜੁੜੇ ਹਥਿਆਰਬੰਦ ਗਰੁੱਪਾਂ ਦੇ 148 ਕੱਟੜਪੰਥੀ ਵੀ ਮਾਰੇ ਗਏ।

Advertisement

ਮਨੁੱਖੀ ਅਧਿਕਾਰ ਸੰਗਠਨ ਨੇ ਦੱਸਿਆ ਕਿ ਤੱਟਵਰਤੀ ਸ਼ਹਿਰ ਲਤਾਕੀਆ ਦੇ ਆਲੇ-ਦੁਆਲੇ ਵੱਡੇ ਖੇਤਰਾਂ ਵਿੱਚ ਬਿਜਲੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਅਤੇ ਬਹੁਤ ਸਾਰੀਆਂ ਬੇਕਰੀਆਂ ਬੰਦ ਹੋ ਗਈਆਂ। ਸੀਰੀਆ ਵਿੱਚ ਅਸਦ ਨੂੰ ਗੱਦੀਓਂ ਲਾਹ ਕੇ ਸੱਤਾ ’ਤੇ ਬਾਗ਼ੀਆਂ ਦੇ ਕਬਜ਼ਾ ਕਰਨ ਤੋਂ ਤਿੰਨ ਮਹੀਨੇ ਮਗਰੋਂ ਵੀਰਵਾਰ ਨੂੰ ਸ਼ੁਰੂ ਹੋਈ ਇਹ ਝੜਪ ਦਮੱਸ਼ਕ ਦੀ ਨਵੀਂ ਸਰਕਾਰ ਲਈ ਵੱਡੀ ਚੁਣੌਤੀ ਵਜੋਂ ਉਭਰੀ ਹੈ। ਸਰਕਾਰ ਨੇ ਕਿਹਾ ਕਿ ਉਹ ਅਸਦ ਦੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਉਸਨੇ ਵੱਡੇ ਪੱਧਰ ’ਤੇ ਹੋਈ ਹਿੰਸਾ ਲਈ ‘ਵੱਖ-ਵੱਖ ਵਿਅਕਤੀਆਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ” ਨੂੰ ਜ਼ਿੰਮੇਵਾਰ ਠਹਿਰਾਇਆ। ਸੀਰੀਆ ਵਿੱਚ ਤਾਜ਼ਾ ਝੜਪਾਂ ਉਸ ਸਮੇਂ ਸ਼ੁਰੂ ਹੋਈਆਂ, ਜਦੋਂ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਤੱਟਵਰਤੀ ਸ਼ਹਿਰ ਜਬਲੇਹ ਨੇੜੇ ਇੱਕ ਲੋੜੀਂਦੇ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਸਦ ਦੇ ਵਫ਼ਾਦਾਰਾਂ ਨੇ ਉਨ੍ਹਾਂ ’ਤੇ ਘਾਤ ਲਾ ਕੇ ਹਮਲਾ ਕਰ ਦਿੱਤਾ। ਨਵੀਂ ਸਰਕਾਰ ਦੇ ਵਫ਼ਾਦਾਰ ਸੁੰਨੀ ਮੁਸਲਿਮ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਨੂੰ ਅਸਦ ਸਮਰਥਕ ਘੱਟ ਗਿਣਤੀ ਅਲਾਵਿਤ ਭਾਈਚਾਰੇ ਦੇ ਮੈਂਬਰਾਂ ਦੀਆਂ ਹੱਤਿਆਵਾਂ ਸ਼ੁਰੂ ਕਰ ਦਿੱਤੀਆਂ। ਇਹ ਹਯਾਤ ਤਹਿਰੀਰ ਅਲ-ਸ਼ਾਮ ਲਈ ਵੱਡਾ ਝਟਕਾ ਹੈ, ਕਿਉਂਕਿ ਇਸੇ ਧੜੇ ਦੀ ਅਗਵਾਈ ਵਿੱਚ ਹੀ ਬਾਗ਼ੀ ਗਰੁੱਪਾਂ ਨੇ ਅਸਦ ਦੇ ਸ਼ਾਸਨ ਦਾ ਤਖਤਾ ਪਲਟ ਦਿੱਤਾ ਸੀ। -ਏਪੀ

Advertisement
×