ਸੁਪਰੀਮ ਕੋਰਟ ਨੇ ਸਾਥੀਆਂ ’ਤੇ ਗੋਲੀਬਾਰੀ ਕਰਨ ਵਾਲੇ ਫੌਜੀ ਕਾਂਸਟੇਬਲ ਦੀ ਸਜ਼ਾ ਬਰਕਰਾਰ ਰੱਖੀ
ਨਵੀਂ ਦਿੱਲੀ, 18 ਅਪਰੈਲ
ਸੁਪਰੀਮ ਕੋਰਟ ਨੇ ਇਕ ਫੌਜੀ ਜਵਾਨਾਂ ਦੀ ਮੈੱਸ ਵਿਚ ਪਰੋਸੇ ਜਾਣ ਵਾਲੇ ਖਾਣੇ ਤੋਂ ਅਸੰਤੁਸ਼ਟ ਹੋਣ ਤੋਂ ਬਾਅਦ ਆਪਣੇ ਸਾਥੀਆਂ 'ਤੇ ਸਰਵਿਸ ਹਥਿਆਰ ਨਾਲ ਗੋਲੀਬਾਰੀ ਕਰਨ ਵਾਲੇ ਫੌਜੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਪੰਕਜ ਮਿਥਲ ਅਤੇ ਐੱਸਵੀਐੱਨ ਭੱਟੀ ਦੇ ਬੈਂਚ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 2014 ਦੇ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿਚ ਦੋਸ਼ੀ ਨੂੰ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ ਆਰਮਜ਼ ਐਕਟ ਦੀ ਧਾਰਾ 27 ਦੇ ਤਹਿਤ ਬਰੀ ਕਰ ਦਿੱਤਾ ਗਿਆ ਸੀ।
ਅਦਾਲਤ ਨੇ ਕਿਹਾ ਕਿ "ਤੱਥਾਂ ਅਤੇ ਹਾਲਾਤਾਂ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਗੁੱਸੇ ਵਿਚ ਆ ਕੇ ਆਪਣੇ ਸਰਵਿਸ ਹਥਿਆਰ ਏ.ਕੇ.-47 ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਇਹ ਜਾਣਦੇ ਹੋਏ ਕਿ ਗੋਲੀਆਂ ਉਸਦੇ ਕਿਸੇ ਵੀ ਸਾਥੀ ਨੂੰ ਸਰੀਰਕ ਸੱਟ ਪਹੁੰਚਾ ਸਕਦੀਆਂ ਹਨ, ਜਿਸ ਨਾਲ ਮੌਤ ਹੋ ਸਕਦੀ ਹੈ।’’ ਬੈਂਚ ਨੇ ਕਿਹਾ, "ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜ਼ਖਮੀਆਂ ਨੂੰ ਚਾਰ ਸੱਟਾਂ ਲੱਗੀਆਂ ਸਨ, ਦੋ-ਦੋ ਉੱਪਰਲੇ ਪੱਟਾਂ 'ਤੇ ਅਤੇ ਉਹ ਗੰਭੀਰ ਕਿਸਮ ਦੀਆਂ ਸਨ। ਸੱਟਾਂ ਜਾਨਲੇਵਾ ਨਹੀਂ ਹੋ ਸਕਦੀਆਂ, ਪਰ ਇਸ ਨਾਲ ਕੋਈ ਸ਼ੱਕ ਨਹੀਂ ਰਹਿੰਦਾ ਕਿ ਮੌਤ ਦਾ ਕਾਰਨ ਬਣਨ ਦਾ ਇਰਾਦਾ ਸੀ।’’- ਪੀਟੀਆਈ