Sunita Williams Return: ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਧਰਤੀ ’ਤੇ ਸੁਰੱਖਿਅਤ ਵਾਪਸੀ
ਕੇਪ ਕੈਨਵਰਲ, 19 ਮਾਰਚ
Sunita Williams Return: ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ ਮਹੀਨੇ ਪੁਲਾੜ ਵਿਚ ਰਹਿਣ ਮਗਰੋਂ ਧਰਤੀ ’ਤੇ ਪਰਤ ਆਏ ਹਨ। ਪੁਲਾੜ ਯਾਤਰੀਆਂ ਨੂੰ ਲੈ ਕੇ ਆਏ ‘ਸਪੇਸਐਕਸ’ ਦੇ ਕੈਪਸੂਲ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਗੀ ਪਾਉਣ ਤੋਂ ਕੁਝ ਹੀ ਘੰਟਿਆਂ ਬਾਅਦ ਫਲੋਰੀਡਾ ਪੈਨਹੈਂਡਲ ਦੇ ਤੇਲਾਹਾਸੇ ਜਲ ਖੇਤਰ (coast of Tallahassee in the Florida Panhandle) ਵਿਚ ਉਤਾਰਿਆ ਗਿਆ। ਇਕ ਘੰਟੇ ਅੰਦਰ ਪੁਲਾੜ ਯਾਤਰੀ ਕੈਪਸੂਲ ’ਚੋਂ ਬਾਹਰ ਆ ਗਏ। ਉਨ੍ਹਾਂ ਕੈਮਰਿਆਂ ਵੱਲ ਹੱਥ ਹਿਲਾਏ ਤੇ ਮੁਸਕਰਾਏ। ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਸਟਰੈਚਰ ’ਤੇ ਲਿਜਾਇਆ ਗਿਆ। ਵਿਲਮੋਰ ਤੇ ਵਿਲੀਅਮਜ਼ ਪੁਲਾੜ ਵਿਚ 286 ਦਿਨ ਰਹੇ। ਉਨ੍ਹਾਂ ਧਰਤੀ ਦੀ 4,576 ਵਾਰ ਪਰਿਕਰਮਾ ਕੀਤੀ ਤੇ ਸਪਲੈਸ਼ਡਾਊਨ ਦੇ ਸਮੇਂ ਤੱਕ 12 ਕਰੋੜ 10 ਲੱਖ ਮੀਲ ਦਾ ਸਫ਼ਰ ਕੀਤਾ।
Splashdown confirmed! #Crew9 is now back on Earth in their @SpaceX Dragon spacecraft. pic.twitter.com/G5tVyqFbAu
— NASA (@NASA) March 18, 2025
ਕੈਪਸੂਲ ਅਮਰੀਕਾ ਦੇ ਪੂਰਬੀ ਸਾਹਿਲੀ ਸਮੇਂ ਮੁਤਾਬਕ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਕ ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ) ਦੇ ਕਰੀਬ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਕੈਪਸੂਲ ਮੌਸਮ ਮੁਆਫ਼ਕ ਹੋਣ ਮਗਰੋਂ ਪੂਰਬੀ ਸਾਹਿਲੀ ਸਮੇਂ ਅਨੁਸਾਰ 5:57 (ਭਾਰਤੀ ਸਮੇਂ ਮੁਤਾਬਕ ਮੰਗਲਵਾਰ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 3:27 ਵਜੇ) ਫਲੋਰੀਡਾ ਦੇ ਸਾਹਿਲ ’ਤੇ ਉਤਰਿਆ।
We're getting our first look at #Crew9 since their return to Earth! Recovery teams will now help the crew out of Dragon, a standard process for all crew members after returning from long-duration missions. pic.twitter.com/yD2KVUHSuq
— NASA (@NASA) March 18, 2025
ਦੋਵੇਂ ਪੁਲਾੜ ਯਾਤਰੀ ਨੌਂ ਮਹੀਨੇ ਪਹਿਲਾਂ ਬੋਇੰਗ ਦੀ ਪ੍ਰੀਖਣ ਉਡਾਨ ਜ਼ਰੀਏ ਪੁਲਾੜ ਕੇਂਦਰ ਵਿਚ ਪਹੁੰਚੇ ਸੀ। ਦੋਵੇਂ 5 ਜੂਨ 2024 ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕਰੂ ਯਾਨ ਵਿਚ ਸਵਾਰ ਹੋ ਕੇ ਪੁਲਾੜ ਵਿਚ ਗਏ ਸਨ ਤੇ ਉਨ੍ਹਾਂ ਦੇ ਇਕ ਹਫ਼ਤੇ ਬਾਅਦ ਹੀ ਧਰਤੀ ’ਤੇ ਮੁੜਨ ਦੀ ਉਮੀਦ ਸੀ। ਪੁਲਾੜ ਸਟੇਸ਼ਨ ਦੇ ਰਾਹ ਵਿਚ ਇੰਨੀਆਂ ਮੁਸ਼ਕਲਾਂ ਆਈਆਂ ਕਿ ਨਾਸਾ ਨੂੰ ਅਖੀਰ ਵਿਚ ਸਟਾਰਲਾਈਨਰ ਨੂੰ ਖਾਲੀ ਵਾਪਸ ਧਰਤੀ ’ਤੇ ਲਿਆਉਣਾ ਪਿਆ ਤੇ ਪ੍ਰੀਖਣ ਪਾਇਲਟਾਂ ਨੂੰ ਸਪੇਸਐਕਸ ਵਿਚ ਤਬਦੀਲ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਘਰ ਵਾਪਸੀ ਫਰਵਰੀ ਤੱਕ ਟਲ ਗਈ। ਇਸ ਤੋਂ ਬਾਅਦ ਸਪੇਸਐਕਸ ਕੈਪਸੂਲ ਸਬੰਧੀ ਸਮੱਸਿਆਵਾਂ ਕਰਕੇ ਇਕ ਮਹੀਨੇ ਦੀ ਹੋਰ ਦੇਰੀ ਹੋਈ
ਐਤਵਾਰ ਨੂੰ ਦੋਵਾਂ ਪੁਲਾੜ ਯਾਤਰੀਆਂ ਨੂੰ ਉਦੋਂ ਰਾਹਤ ਮਿਲੀ ਜਦੋਂਕਿ ਰਾਹਤ ਦਲ ਪੁਲਾੜ ਕੇਂਦਰ ਪੁੱਜਾ। ਇਸ ਨਾਲ ਵਿਲਮੋਰ ਤੇ ਵਿਲੀਅਮਜ਼ ਦੀ ਧਰਤੀ ’ਤੇ ਵਾਪਸੀ ਦਾ ਰਾਹ ਪੱਧਰਾ ਹੋ ਗਿਆ। ਨਾਸਾ ਨੇ ਇਸ ਹਫ਼ਤੇ ਦੇ ਅਖੀਰ ਬੇਯਕੀਨੀ ਵਾਲੀਆਂ ਮੌਸਮੀ ਪੇਸ਼ੀਨਗੋਈਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਧਰਤੀ ’ਤੇ ਵਾਪਸ ਲਿਆਉਣ ਦਾ ਅਮਲ ਥੋੜ੍ਹਾ ਪਹਿਲਾਂ ਸ਼ੁਰੂ ਕਰ ਦਿੱਤਾ। -ਏਪੀ