ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਦਾਖ਼ਲ
ਨਵੀਂ ਦਿੱਲੀ, 26 ਜੂਨ
ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀ ਵੀਰਵਾਰ ਨੂੰ ਜਦੋਂ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਚ ਦਾਖ਼ਲ ਹੋਏ ਤਾਂ ਉਨ੍ਹਾਂ ਦਾ ਚਾਲਕ ਦਲ ਦੇ ਮੈਂਬਰਾਂ ਨੇ ਹੱਥ ਮਿਲਾ ਕੇ ਤੇ ਜੱਫੀਆਂ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਡਰੈਗਨ ਪੁਲਾੜ ਵਾਹਨ ਧਰਤੀ ਦੁਆਲੇ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਪੁਲਾੜ ਲੈਬਾਰਟਰੀ ਨਾਲ ਜੁੜ (ਡੌਕ) ਗਿਆ ਹੈ। ਡਰੈਗਨ ਲੜੀ ਦੇ ਨਵੇਂ ਪੰਜਵੇਂ ਪੁਲਾੜ ਵਾਹਨ, ਜਿਸ ਦਾ ਨਾਮ ਗਰੇਸ ਹੈ, ਨੇ ਉੱਤਰੀ ਅਟਲਾਂਟਿਕ ਮਹਾਸਾਗਰ ਉੱਤੇ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਪੁਲਾੜ ਸਟੇਸ਼ਨ ਦੇ ਹਾਰਮਨੀ ਮਾਡਿਊਲ ਨਾਲ ਜੁੜਿਆ। ਇਸ ਮਗਰੋਂ ਸੰਚਾਰ, ਪਾਵਰ ਲਿੰਕ ਅਤੇ ਪ੍ਰੈਸ਼ਰ ਸਥਿਰਤਾ ਸਥਾਪਤ ਕਰਨ ਵਿੱਚ ਦੋ ਹੋਰ ਘੰਟੇ ਲੱਗੇ। ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਪੁਲਾੜ ਯਾਤਰੀ ਨੇ ਆਈਐੱਸਐੱਸ ਦੀ ਯਾਤਰਾ ਕੀਤੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਐਕਸੀਓਮ-4 ਕਰੂ ਕਮਾਂਡਰ ਪੈਗੀ ਵਿਟਸਨ, ਇਸਰੋ ਦੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ, ਈਐੱਸਏ ਦੇ ਪੁਲਾੜ ਯਾਤਰੀ ਸਲਾਵੋਜ਼ ਉਜ਼ਨਾਂਸਕੀ-ਵਿਸਨੀਵਸਕੀ ਅਤੇ ਮਿਸ਼ਨ ਸਪੈਸ਼ਲਿਸਟ ਟਿਬੋਰ ਕਾਪੂ ਡਰੈਗਨ ਪੁਲਾੜ ਵਾਹਨ ਤੋਂ ਬਾਹਰ ਆਏ ਅਤੇ ਧਰਤੀ ਦੇ ਚੱਕਰ ਕੱਟਦਿਆਂ ਆਪਣੀ ਨਵੀਂ ਥਾਂ ਦੀ ਪਹਿਲੀ ਝਲਕ ਵੇਖੀ।’’ ਵਿਟਸਨ, ਜੋ ਆਪਣੀ ਪੰਜਵੀਂ ਪੁਲਾੜ ਯਾਤਰਾ ’ਤੇ ਹਨ, ਨੇ ਕਿਹਾ, ‘‘ਅਸੀਂ ਇੱਥੇ ਆ ਕੇ ਖੁਸ਼ ਹਾਂ। ਇਹ ਇਕਾਂਤ ’ਚ ਰਹਿਣ ਦਾ ਲੰਬਾ ਤਜਰਬਾ ਸੀ।’’ ਇਸ ਦੌਰਾਨ ਚਾਰੋਂ ਪੁਲਾੜ ਯਾਤਰੀਆਂ ਨੇ ਹਿਊਸਟਨ ਵਿਖੇ ਮਿਸ਼ਨ ਕੰਟਰੋਲ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਪਿਆਰ ਕਬੂਲਿਆ। ਨਾਸਾ ਤੋਂ ਇੱਕ ਲਾਈਵ ਵੀਡੀਓ ਲਿੰਕ ਵਿੱਚ ਪੁਲਾੜ ਵਾਹਨ ਨੂੰ ਪੁਲਾੜ ਸਟੇਸ਼ਨ ਦੇ ਨੇੜੇ ਪਹੁੰਚਦੇ ਹੋਏ ਦਿਖਾਇਆ ਗਿਆ ਅਤੇ ਡੌਕਿੰਗ ਕ੍ਰਮ ਭਾਰਤੀ ਸਮੇਂ ਅਨੁਸਾਰ ਸ਼ਾਮ 4:15 ਵਜੇ ਪੂਰਾ ਹੋਇਆ। ਇੱਕ ਤਜਰਬੇਕਾਰ ਪੁਲਾੜ ਯਾਤਰੀ ਵਿਟਸਨ ਭਾਰਤੀ ਸਮੇਂ ਅਨੁਸਾਰ ਸ਼ਾਮ 5:53 ਵਜੇ ਪੁਲਾੜ ਸਟੇਸ਼ਨ ਵਿੱਚ ਦਾਖਲ ਹੋਇਆ। ਉਸ ਤੋਂ ਬਾਅਦ ਸ਼ੁਕਲਾ, ਸਲਾਵੋਜ਼ ਅਤੇ ਕਾਪੂ ਵੀ ਦਾਖ਼ਲ ਹੋਏ। ਭਾਰਤੀ ਹਵਾਈ ਸੈਨਾ ਦੇ ਪਾਇਲਟ ਸ਼ੁਕਲਾ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਇਸ ਤੋਂ ਪਹਿਲਾਂ 1984 ਵਿੱਚ ਰਾਕੇਸ਼ ਸ਼ਰਮਾ ਨੇ ਅੱਠ ਦਿਨ ਪੁਲਾੜ ’ਚ ਬਿਤਾਏ ਸਨ। ਪੁਲਾੜ ਸਟੇਸ਼ਨ ’ਤੇ ਸੱਤ ਪੁਲਾੜ ਯਾਤਰੀ ਨਾਸਾ ਤੋਂ ਨਿਕੋਲ ਆਯਰਸ, ਐਨੀ ਮੈਕਲੇਨ ਤੇ ਜੌਨੀ ਕਿਮ, ਜੈਕਸਾ (ਜਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ) ਤੋਂ ਤਾਕੂਆ ਓਨਿਸ਼ੀ ਅਤੇ ਰੋਸਕੋਸਮੌਸ ਕਾਸਮੋਨੌਟਸ ਕਿਰਿਲ ਪੇਸਕੋਵ, ਸਰਗੇਈ ਰਿਜ਼ੀਕੋਵ ਅਤੇ ਅਲੈਕਸੀ ਜ਼ੁਬਰਿਤਸਕੀ ਹਨ। -ਪੀਟੀਆਈ
‘ਪੁਲਾੜ ਤੋਂ ਨਮਸਕਾਰ...ਤੁਸੀਂ ਵੀ ਲਓ ਇਸ ਯਾਤਰਾ ਦਾ ਆਨੰਦ’
ਨਵੀਂ ਦਿੱਲੀ: ‘ਪੁਲਾੜ ਤੋਂ ਨਮਸਕਾਰ।’ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਦਾਖ਼ਲ ਹੋਣ ਤੋਂ ਪਹਿਲਾਂ ਡਰੈਗਨ ਪੁਲਾੜ ਵਾਹਨ ਤੋਂ ਇਕ ਸੁਨੇਹਾ ਭੇਜਿਆ। ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ, ‘‘ਇਹ ਇਕ ਛੋਟਾ ਕਦਮ ਹੈ, ਪਰ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਦਿਸ਼ਾ ਵਿਚ ਇਕ ਸਥਿਰ ਤੇ ਠੋਸ ਕਦਮ ਹੈ।’’ ਸ਼ੁਕਲਾ ਨੇ ਕਿਹਾ, ‘‘ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸਮਾਂ ਬਿਤਾਉਣ ਤੇ ਤੁਹਾਡੇ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸੁਕ ਹਾਂ। ਪੁਲਾੜ ਵਿਚ ਚਹਿਲਕਦਮੀ ਕਰਨਾ ਤੇ ਖਾਣਾ-ਪੀਣਾ, ਇਕ ਬੱਚੇ ਵਾਂਗ ਸਿੱਖ ਰਿਹਾ ਹਾਂ।’’ -ਪੀਟੀਆਈ
ਹੰਸ ਬਣਿਆ ਐਕਸੀਓਮ-4 ਮਿਸ਼ਨ ਦੇ ਚਾਲਕ ਦਲ ਦਾ ਪੰਜਵਾਂ ਮੈਂਬਰ
ਨਵੀਂ ਦਿੱਲੀ: ਐਕਸੀਓਮ-4 ਮਿਸ਼ਨ ਦੇ ਚਾਲਕ ਦਲ ਦੇ ਨਵੇਂ ਮੈਂਬਰ ‘ਜੁਆਇ’ ਨਾਮ ਦੇ ਇਕ ਹੰਸ ਖਿਡੌਣੇ ਨੂੰ ਉਸ ਸਮੇਂ ਡਰੈਗਨ ਪੁਲਾੜ ਵਾਹਨ ’ਚ ਤੈਰਦੇ ਹੋਏ ਦੇਖਿਆ ਗਿਆ ਜਦੋਂ ਪੁਲਾੜ ਯਾਤਰੀ ਵੀਰਵਾਰ ਨੂੰ ਇਕ ਵੀਡੀਓ ਲਿੰਕ ਰਾਹੀਂ ਗੱਲਬਾਤ ਕਰ ਰਹੇ ਸਨ। ਇਹ ਖਿਡੌਣਾ ਐਕਸੀਓਮ-4 ਮਿਸ਼ਨ ਦੇ ਪੁਲਾੜ ਯਾਤਰੀਆਂ ਵੱਲੋਂ ਲਿਜਾਇਆ ਜਾਣ ਵਾਲਾ ਸਿਫ਼ਰ ਗੁਰੂਤਾ ਆਕਰਸ਼ਣ (ਭਾਰਹੀਣਤਾ) ਦਾ ਸੂਚਕ ਹੈ ਜਿਸ ਦੀ ਚੋਣ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁੱਤਰ ਕਿਆਸ਼ ਦੇ ਪਸ਼ੂ-ਪੰਛੀਆਂ ਨਾਲ ਪ੍ਰੇਮ ਕਾਰਨ ਕੀਤੀ ਗਈ ਸੀ। ਖਿਡੌਣਾ ਲਿਜਾਣ ਦੀ ਰਵਾਇਤ ਪੁਲਾੜ ’ਚ ਜਾਣ ਵਾਲੇ ਪਹਿਲੇ ਮਨੁੱਖ ਯੂਰੀ ਗਗਾਰਿਨ ਨਾਲ ਸ਼ੁਰੂ ਹੋਈ ਸੀ। ਸ਼ੁਕਲਾ ਨੇ ਕਿਹਾ, ‘‘ਹੰਸ ਗਿਆਨ ਦਾ ਪ੍ਰਤੀਕ ਹੈ ਅਤੇ ਧਿਆਨ ਵੰਡਣ ਵੇਲੇ ਉਸ ’ਚ ਦਿਮਾਗ ਨਾਲ ਵਰਤੋਂ ਕਰਨ ਦੀ ਵੀ ਸਮਰੱਥਾ ਹੁੰਦੀ ਹੈ। ਇਸ ਦਾ ਮਤਲਬ ਸਿਫ਼ਰ ਗੁਰੂਤਾ ਆਕਰਸ਼ਣ ਸੰਕੇਤ ਤੋਂ ਕਿਤੇ ਵੱਧ ਹੈ। ਮੈਨੂੰ ਜਾਪਦਾ ਹੈ ਕਿ ਪੋਲੈਂਡ, ਹੰਗਰੀ ਅਤੇ ਭਾਰਤ ’ਚ ਵੀ ਅਸੀਂ ਚੀਜ਼ਾਂ ਦੀ ਪ੍ਰਤੀਕ ਵਜੋਂ ਵਰਤੋਂ ਕਰਦੇ ਹਾਂ।’’ -ਪੀਟੀਆਈ