ਭਾਰਤ-ਪਾਕਿ ਸਣੇ ਅੱਠ ਜੰਗਾਂ ਰੁਕਵਾਈਆਂ: ਟਰੰਪ
ਐਤਵਾਰ ਨੂੰ ਆਪਣੇ ਏਅਰ ਫੋਰਸ ਵਨ ਜਹਾਜ਼ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੀ ਜੰਗ ਰੁਕਵਾਉਣ ਦੀ ਯੋਜਨਾ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਕਿਹਾ, ‘‘ਇਹ ਮੇਰੀ ਅੱਠਵੀਂ ਜੰਗ ਹੋਵੇਗੀ ਜਿਸ ਨੂੰ ਮੈਂ ਰੁਕਵਾਇਆ ਹੈ ਅਤੇ ਮੈਂ ਸੁਣਿਆ ਹੈ ਕਿ ਹੁਣ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਜੰਗ ਚੱਲ ਰਹੀ ਹੈ। ਮੇਰੇ ਵਾਪਸ ਆਉਣ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਮੈਂ ਇਕ ਹੋਰ ਜੰਗ ਰੋਕ ਰਿਹਾ ਹਾਂ, ਕਿਉਂਕਿ ਮੈਂ ਜੰਗ ਰੁਕਵਾਉਣ ਵਿੱਚ ਮਾਹਿਰ ਹਾਂ।’’
ਅਮਰੀਕੀ ਰਾਸ਼ਟਰਪਤੀ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਇਨ੍ਹਾਂ ’ਚੋਂ ਜ਼ਿਆਦਾਤਰ ਜੰਗਾਂ ਇਕ ਦਿਨ ਦੇ ਅੰਦਰ ਰੁਕਵਾਈਆਂ। ਟਰੰਪ ਨੇ ਕਿਹਾ, ‘‘ਅਸੀਂ ਲੱਖਾਂ ਲੋਕਾਂ ਦੀ ਜਾਨ ਬਚਾਈ, ਭਾਰਤ ਤੇ ਪਾਕਿਸਤਾਨ ਬਾਰੇ ਸੋਚੋ, ਉਨ੍ਹਾਂ ਜੰਗਾਂ ਬਾਰੇ ਸੋਚੋ ਜੋ ਸਾਲਾਂ ਤੋਂ ਚੱਲ ਰਹੀਆਂ ਸਨ। ਇਕ ਜੰਗ 31 ਸਾਲ ਤੱਕ ਚੱਲੀ, ਇਕ 32 ਸਾਲਾਂ ਤੱਕ ਚੱਲੀ ਤੇ ਇਕ 37 ਸਾਲਾਂ ਤੱਕ ਚੱਲੀ ਅਤੇ ਇਨ੍ਹਾਂ ’ਚੋਂ ਹਰੇਕ ਦੇਸ਼ ’ਚ ਲੱਖਾਂ ਲੋਕ ਮਾਰੇ ਗਏ। ਮੈਂ ਇਨ੍ਹਾਂ ’ਚੋਂ ਜ਼ਿਆਦਾਤਰ ਜੰਗਾਂ ਨੂੰ ਇਕ ਦਿਨ ਦੇ ਅੰਦਰ ਹੀ ਰੁਕਵਾ ਦਿੱਤਾ।’’
ਟਰੰਪ ਨੇ ਕਿਹਾ ਕਿ ਨੋਬੇਲ ਕਮੇਟੀ ਵੱਲੋਂ ਐਲਾਨਿਆ ਗਿਆ ਪੁਰਸਕਾਰ 2024 ਲਈ ਸੀ, ਜਦਕਿ ਉਨ੍ਹਾਂ ਨੇ ਇਹ ਜੰਗਾਂ 2025 ਵਿੱਚ ਰੁਕਵਾਈਆਂ। ਉਨ੍ਹਾਂ ਕਿਹਾ, ‘‘ਨੋਬੇਲ ਕਮੇਟੀ ਪ੍ਰਤੀ ਪੂਰੀ ਇਮਾਨਦਾਰੀ ਨਾਲ ਕਹਾਂ ਤਾਂ ਇਹ 2024 ਲਈ ਸੀ। ਇਸ ਨੂੰ 2024 ਲਈ ਚੁਣਿਆ ਗਿਆ ਸੀ।’’ ਉਨ੍ਹਾਂ ਨਾਲ ਹੀ ਇਹ ਵੀ ਕਿਹਾ, ‘‘ਮੈਂ ਇਹ ਨੋਬੇਲ ਪੁਰਸਕਾਰ ਲਈ ਨਹੀਂ, ਬਲਕਿ ਜ਼ਿੰਦਗੀਆਂ ਬਚਾਉਣ ਲਈ ਕੀਤਾ ਹੈ।’’