Stock market fraud ਸਾਬਕਾ ਸੇਬੀ ਮੁਖੀ ਮਾਧਵੀ ਬੁੱਚ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਐੱਫਆਈਆਰ ਦਰਜ ਕਰਨ ਦੇ ਹੁਕਮਾਂ ’ਤੇ ਰੋਕ ਲਾਈ
Bombay HC stays special court order directing FIR against ex-Sebi chairperson Madhabi Puri Buch and others
ਮੁੰਬਈ, 4 ਮਾਰਚ
Madhabi Butch ਬੰਬੇ ਹਾਈ ਕੋਰਟ ਨੇ ਸ਼ੇਅਰ ਬਾਜ਼ਾਰ ਵਿਚ ਧੋਖਾਧੜੀ ਨੂੰ ਲੈ ਕੇ ਸੇਬੀ ਦੀ ਸਾਬਕਾ ਮੁਖੀ ਮਾਧਵੀ ਪੁਰੀ ਬੁੱਚ ਤੇ ਹੋਰਨਾਂ ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਵਿਸ਼ੇਸ਼ ਕੋਰਟ ਦੇ ਹੁਕਮਾਂ ’ਤੇ ਰੋਕ ਲਾ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਵਿਸ਼ੇਸ਼ ਕੋਰਟ ਨੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੂੰ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਪੰਜ ਹੋਰ ਅਧਿਕਾਰੀਆਂ ਵਿਰੁੱਧ ਸਟਾਕ ਮਾਰਕੀਟ ਧੋਖਾਧੜੀ ਅਤੇ ਰੈਗੂਲੇਟਰੀ ਬੇਨੇਮੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਹ ਅਧਿਕਾਰੀ ਬੰਬੇ ਸਟਾਕ ਐਕਸਚੇਂਜ ਤੇ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨਾਲ ਸਬੰਧਤ ਹਨ।
ਵਿਸ਼ੇਸ਼ ਅਦਾਲਤ ਦੇ ਜੱਜ ਸ਼ਸ਼ੀਕਾਂਤ ਏਕਨਾਥਰਾਓ ਬਾਂਗੜ ਨੇ ਹੁਕਮਾਂ ਵਿਚ ਕਿਹਾ ਸੀ ਕਿ ਇਸ ਸਬੰਧੀ ਪਹਿਲੀ ਨਜ਼ਰੇ ਬੇਨੇਮੀਆਂ ਅਤੇ ਮਿਲੀਭੁਗਤ ਕਰਨ ਦਾ ਪਤਾ ਲੱਗਦਾ ਹੈ ਜਿਸ ਲਈ ਨਿਰਪੱਖ ਜਾਂਚ ਦੀ ਲੋੜ ਹੈ। ਬੁਚ ਤੋਂ ਇਲਾਵਾ ਜਿਨ੍ਹਾਂ ਹੋਰ ਅਧਿਕਾਰੀਆਂ ਵਿਰੁੱਧ ਅਦਾਲਤ ਨੇ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਉਨ੍ਹਾਂ ਵਿੱਚ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰਰਾਮਨ ਰਾਮਾਮੂਰਤੀ, ਤਤਕਾਲੀ ਚੇਅਰਮੈਨ ਅਤੇ ਜਨਹਿਤ ਨਿਰਦੇਸ਼ਕ ਪ੍ਰਮੋਦ ਅਗਰਵਾਲ ਅਤੇ ਸੇਬੀ ਦੇ ਤਿੰਨ ਮੈਂਬਰ ਅਸ਼ਵਨੀ ਭਾਟੀਆ, ਅਨੰਤ ਨਰਾਇਣ ਅਤੇ ਕਮਲੇਸ਼ ਚੰਦਰ ਵਰਸ਼ਨੇ ਸ਼ਾਮਲ ਹਨ।
ਅਦਾਲਤ ਨੇ ਕਿਹਾ ਸੀ ਕਿ ਉਹ ਜਾਂਚ ਦੀ ਨਿਗਰਾਨੀ ਕਰੇਗੀ ਅਤੇ ਇਸ ਮਾਮਲੇ ਦੀ 30 ਦਿਨਾਂ ਦੇ ਅੰਦਰ ਰਿਪੋਰਟ ਸੌਂਪੀ ਜਾਵੇ। ਇਹ ਹੁਕਮ ਸਪਨ ਸ੍ਰੀਵਾਸਤਵ (47) ਦੀ ਸ਼ਿਕਾਇਤ ਤੋਂ ਬਾਅਦ ਦਿੱਤੇ ਗਏ ਸਨ। ਸ਼ਿਕਾਇਤਕਰਤਾ ਨੇ ਵੱਡੇ ਪੱਧਰ ’ਤੇ ਵਿੱਤੀ ਧੋਖਾਧੜੀ, ਰੈਗੂਲੇਟਰੀ ਉਲੰਘਣਾਵਾਂ ਅਤੇ ਭ੍ਰਿਸ਼ਟਾਚਾਰ ਦੇ ਕਥਿਤ ਅਪਰਾਧਾਂ ਦੀ ਜਾਂਚ ਦੀ ਮੰਗ ਕੀਤੀ ਸੀ। -ਪੀਟੀਆਈ