Stock Market Crash: ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ, ਸੈਂਸੈਕਸ 1414 ਅੰਕ ਹੇਠਾਂ ਡਿੱਗਾ
ਮੁੰਬਈ, 28 ਫਰਵਰੀ
Stock Market Crash: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸਿਕੋ ’ਤੇ 4 ਮਾਰਚ ਤੋਂ ਟੈਕਸ ਲਾਉਣ ਅਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਦਸ ਫੀਸਦ ਵਾਧੂ ਟੈਕਸ ਲਾਉਣ ਦੇ ਐਲਾਨ ਮਗਰੋਂ ਆਲਮੀ ਪੱਧਰ ’ਤੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਨੂੰ ਦਰਸਾਉਂਦੇ ਹੋਏ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਸ਼ੁੱਕਰਵਾਰ ਨੂੰ ਲਗਭਗ 2 ਫੀਸਦੀ ਡਿੱਗ ਗਏ। ਬੀਐਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ 1,414.33 ਅੰਕ ਜਾਂ 1.90 ਫੀਸਦੀ ਡਿੱਗ ਕੇ 73,198.10 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 1,471.16 ਅੰਕ ਜਾਂ 1.97 ਫੀਸਦੀ ਡਿੱਗ ਕੇ 73,141.27 ’ਤੇ ਆ ਗਿਆ ਸੀ।
ਲਗਾਤਾਰ ਅੱਠਵੇਂ ਦਿਨ ਘਾਟੇ ਨੂੰ ਵਧਾਉਂਦੇ ਹੋਏ NSE ਨਿਫਟੀ 420.35 ਅੰਕ ਜਾਂ 1.86 ਫੀਸਦੀ ਡਿੱਗ ਕੇ 22,124.70 ’ਤੇ ਆ ਗਿਆ। ਪਿਛਲੇ ਸਾਲ 27 ਸਤੰਬਰ ਨੂੰ 85,978.25 ਦੇ ਰਿਕਾਰਡ ਸਿਖਰ ਉਤੇ ਪੁੱਜਣ ਤੋਂ ਬਾਅਦ ਬੀਐਸਈ ਬੈਂਚਮਾਰਕ ਸੂਚਕ ਕੁੱਲ ਮਿਲਾ ਕੇ 12,780.15 ਅੰਕ ਜਾਂ 14.86 ਪ੍ਰਤੀਸ਼ਤ ਹੇਠਾਂ ਆਇਆ ਹੈ। ਨਿਫਟੀ 27 ਸਤੰਬਰ 2024 ਨੂੰ 26,277.35 ਦੇ ਆਪਣੇ ਹੁਣ ਤੱਕ ਦੇ ਸਿਖਰਲੇ ਪੱਧਰ ਤੋਂ 4,152.65 ਪੁਆਇੰਟ ਜਾਂ 15.80 ਫੀਸਦੀ ਹੇਠਾਂ ਆ ਗਿਆ ਹੈ।
ਵਿਸ਼ਲੇਸ਼ਕਾਂ ਦੇ ਅਨੁਸਾਰ ਲਗਾਤਾਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਅਮਰੀਕੀ ਆਰਥਿਕ ਦ੍ਰਿਸ਼ਟੀਕੋਣ ਬਾਰੇ ਚਿੰਤਾਵਾਂ ਨੇ ਨਿਵੇਸ਼ਕਾਂ ਨੂੰ ਉਲਝਾ ਦਿੱਤਾ ਹੈ। ਸੈਂਸੈਕਸ ਪੈਕ ਤੋਂ ਟੈੱਕ ਮਹਿੰਦਰਾ 6 ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ ਅਤੇ ਇਸ ਤੋਂ ਬਾਅਦ ਇੰਡਸਇੰਡ ਬੈਂਕ 5 ਪ੍ਰਤੀਸ਼ਤ ਤੋਂ ਵੱਧ ਡਿੱਗਿਆ ਹੈ। ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਇਨਫੋਸਿਸ, ਟਾਟਾ ਮੋਟਰਜ਼, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼, ਨੈਸਲੇ ਅਤੇ ਮਾਰੂਤੀ ਵੀ ਪ੍ਰਮੁੱਖ ਤੌਰ ’ਤੇ ਪਛੜੇ ਹੋਏ ਸਨ।
ਏਸ਼ੀਆਈ ਬਾਜ਼ਾਰਾਂ ’ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਡੂੰਘੀ ਗਿਰਾਵਟ ਨਾਲ ਬੰਦ ਹੋਏ। ਯੂਰਪੀ ਬਾਜ਼ਾਰ ਜ਼ਿਆਦਾਤਰ ਹੇਠਾਂ ਕਾਰੋਬਾਰ ਕਰ ਰਹੇ ਸਨ। ਅਮਰੀਕੀ ਬਾਜ਼ਾਰ ਵੀਰਵਾਰ ਨੂੰ ਤੇਜ਼ੀ ਨਾਲ ਬੰਦ ਹੋਏ। -ਪੀਟੀਆਈ