ਨੇਪਾਲ ’ਚ ਅੰਤਰਿਮ ਸਰਕਾਰ ਦੇ ਗਠਨ ਨੂੰ ਲੈ ਕੇ ਜਮੂਦ ਬਰਕਰਾਰ
ਨੇਪਾਲ ’ਚ ਪ੍ਰਦਰਸ਼ਨਕਾਰੀ ‘ਜੈੱਨ ਜ਼ੀ’ ਸਮੂਹ ਦੇ ਨੁਮਾਇੰਦਿਆਂ ਨੇ ਅੱਜ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਅਤੇ ਸੈਨਾ ਮੁਖੀ ਅਸ਼ੋਕ ਰਾਜ ਸਿਗਡੇਲ ਨਾਲ ਭਦਰਕਾਲੀ ਸਥਿਤ ਸੈਨਾ ਹੈੱਡਕੁਆਰਟਰ ’ਚ ਅੰਤਰਿਮ ਸਰਕਾਰ ਦੇ ਆਗੂ ਦਾ ਨਾਂ ਤੈਅ ਕਰਨ ਲਈ ਮੀਟਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਜੈੱਨ ਜ਼ੀ ਸਮੂਹ ਅੰਤਰਿਮ ਸਰਕਾਰ ਦੀ ਅਗਵਾਈ ਲਈ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ, ਕਾਠਮੰਡੂ ਦੇ ਮੇਅਰ ਬਾਲੇਂਦਰ ਸ਼ਾਹ ਅਤੇ ਦੋ ਹੋਰਾਂ ਦੇ ਨਾਂ ’ਤੇ ਵਿਚਾਰ ਕਰ ਰਿਹਾ ਹੈ। ਸੈਨਾ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਵੱਖ ਵੱਖ ਧਿਰਾਂ ਵਿਚਾਲੇ ਗੱਲਬਾਤ ਜਾਰੀ ਹੈ। ਉਨ੍ਹਾਂ ਹਾਲਾਂਕਿ ਕਿਸੇ ਦਾ ਨਾਂ ਨਹੀਂ ਦੱਸਿਆ। ਸੈਨਾ ਦੇ ਬੁਲਾਰੇ ਨੇ ਕਿਹਾ, ‘ਅਸੀਂ ਵੱਖ ਵੱਖ ਧਿਰਾਂ ਨਾਲ ਕਈ ਦੌਰ ਦੀ ਗੱਲਬਾਤ ਕਰ ਰਹੇ ਹਾਂ। ਗੱਲਬਾਤ ਮੁੱਖ ਤੌਰ ’ਤੇ ਮੌਜੂਦਾ ਖੜੋਤ ਤੋਂ ਬਾਹਰ ਨਿਕਲਣ ਅਤੇ ਨਾਲ ਹੀ ਦੇਸ਼ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ’ਤੇ ਕੇਂਦਰਿਤ ਹੈ।’ ਬੀਤੇ ਦਿਨ ਵੀ ਇਸੇ ਤਰ੍ਹਾਂ ਦੀ ਮੀਟਿੰਗ ਹੋਈ ਸੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਸੂਤਰਾਂ ਅਨੁਸਾਰ ਇਸ ਮੀਟਿੰਗ ਦਾ ਮਕਸਦ ਇੱਕ ਕਾਰਜਕਾਰੀ ਆਗੂ ਨੂੰ ਨਾਮਜ਼ਦ ਕਰਨਾ ਅਤੇ ਅੱਗੇ ਦੀ ਰੂਪ-ਰੇਖਾ ਤਿਆਰ ਕਰਨਾ ਹੈ। ਉਨ੍ਹਾਂ ਕਿਹਾ, ‘ਨਵਾਂ ਸ਼ਾਸਨ ਮੁਖੀ ਉਹ ਹੋਵੇਗਾ ਜੋ ਇੱਕ ਨਿਰਧਾਰਤ ਸਮੇਂ ਅੰਦਰ ਨਵੀਆਂ ਚੋਣਾਂ ਕਰਵਾਏਗਾ।’ਦੂਜੇ ਪਾਸੇ ਨੇਪਾਲ ਦੀ ਸੈਨਾ ਨੇ ਅੱਜ ਕਾਠਮੰਡੂ ਘਾਟੀ ਦੇ ਤਿੰਨ ਜ਼ਿਲ੍ਹਿਆਂ ’ਚ ਪਾਬੰਦੀਆਂ ਦੀ ਮਿਆਦ ਵਧਾ ਦਿੱਤੀ ਹੈ ਅਤੇ ਕੁਝ ਨਿਰਧਾਰਤ ਸਮੇਂ ਲਈ ਲੋਕਾਂ ਨੂੰ ਆਵਾਜਾਈ ਦੀ ਇਜਾਜ਼ਤ ਦਿੱਤੀ ਹੈ। ਕਾਠਮੰਡੂ ਦੇ ਦੱਖਣ-ਪੂਰਬ ’ਚ ਇੱਕ ਜੇਲ੍ਹ ’ਚੋਂ ਭੱਜਣ ਦੌਰਾਨ ਨੇਪਾਲੀ ਸੈਨਾ ਦੀ ਗੋਲੀਬਾਰੀ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਨੇਪਾਲ ਸੈਨਾ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਕਾਠਮੰਡੂ ਘਾਟੀ ਦੇ ਤਿੰਨ ਜ਼ਿਲ੍ਹਿਆਂ ਕਾਠਮੰਡੂ, ਲਲਿਤਪੁਰ ਤੇ ਭਗਤਪੁਰ ’ਚ ਸਵੇਰੇ ਛੇ ਵਜੇ ਤੋਂ ਕਰਫਿਊ ਹਟਾ ਲਿਆ ਗਿਆ ਹੈ। ਆਮ ਜਨਤਾ ਨੂੰ ਜ਼ਰੂਰੀ ਕੰਮਾਂ ਲਈ ਕੁਝ ਘੰਟਿਆਂ ਦੀ ਆਵਾਜਾਈ ਦੀ ਇਜਾਜ਼ਤ ਦੇਣ ਤੋਂ ਬਾਅਦ ਪਾਬੰਦੀ ਦੇ ਹੁਕਮ ਸਵੇਰੇ 10 ਤੋਂ ਸ਼ਾਮ ਪੰਜ ਵਜੇ ਤੱਕ ਲਾਗੂ ਰਹਿਣਗੇ। ਇਸੇ ਦੌਰਾਨ ਨੇਪਾਲ ਵਿਚ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਮੰਤਰੀਆਂ, ਸਿਖਰਲੇ ਸਰਕਾਰੀ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਤਾਂ ਤੋਂ ਫੌਜੀ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਦਿਆਂ ਦੇਖਿਆ ਗਿਆ ਹੈ। ਇਸੇ ਦੌਰਾਨ ‘ਜੈਨ ਜ਼ੈੱਡ’ ਸਮੂਹ ਨੇ ਅੱਜ ਕਿਹਾ ਕਿ ਸੰਸਦ ਭੰਗ ਕੀਤੀ ਜਾਣੀ ਚਾਹੀਦੀ ਹੈ ਤੇ ਲੋਕਾਂ ਦੀ ਇੱਛਾ ਅਨੁਸਾਰ ਸੰਵਿਧਾਨ ’ਚ ਸੋਧ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34 ਹੋ ਗਈ ਹੈ। ਸਰਕਾਰ ਵਿਰੋਧੀ ਹਿੰਸਕ ਰੋਸ ਮੁਜ਼ਾਹਰਿਆਂ ਵਿਚਾਲੇ ਅੱਜ ਇੱਕ ਜੇਲ੍ਹ ’ਚ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਤਿੰਨ ਕੈਦੀਆਂ ਦੀ ਮੌਤ ਹੋ ਗਈ ਜਦਕਿ ਹੁਣ ਤੱਕ ਜੇਲ੍ਹਾਂ ’ਚੋਂ 15 ਹਜ਼ਾਰ ਤੋਂ ਵੱਧ ਕੈਦੀ ਫਰਾਰ ਹੋ ਚੁੱਕੇ ਹਨ।
ਮੌਜੂਦਾ ਸੰਕਟ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ: ਪੌਡੇਲ
ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਅੱਜ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੰਵਿਧਾਨਕ ਢਾਂਚੇ ਦੇ ਅੰਦਰ ਮੌਜੂਦਾ ਸਿਆਸੀ ਹਾਲਾਤ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਨੇ ਦੇਸ਼ ਵਿੱਚ ਮੌਜੂਦਾ ਉਥਲ-ਪੁਥਲ ਬਾਰੇ ਗੱਲ ਕੀਤੀ ਹੈ। ਮੰਗਲਵਾਰ ਨੂੰ ‘ਜੈੱਨ ਜ਼ੈੱਡ’ ਦੇ ਪ੍ਰਦਰਸ਼ਨਕਾਰੀ ਸਮੂਹਾਂ ਵੱਲੋਂ ਰਾਸ਼ਟਰਪਤੀ ਦਫ਼ਤਰ ਅਤੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾਏ ਜਾਣ ਦੇ ਬਾਅਦ ਤੋਂ ਉਨ੍ਹਾਂ ਨੂੰ ਜਨਤਕ ਤੌਰ ’ਤੇ ਨਹੀਂ ਦੇਖਿਆ ਗਿਆ ਹੈ। ਪੌਡੇਲ ਜੋ ਕਿ ਇਸ ਵੇਲੇ ਫੌਜੀ ਸੁਰੱਖਿਆ ਵਿੱਚ ਹਨ, ਨੇ ਲੋਕਾਂ ਅਤੇ ਸਾਰੇ ਹਿੱਤਧਾਰਕਾਂ ਨੂੰ ਇਸ ਗੰਭੀਰ ਹਾਲਾਤ ਵਿੱਚ ਸੰਜਮ ਰੱਖਣ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।